Weather Update Today: ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਪਿਛਲੇ ਇੱਕ ਮਹੀਨੇ ਤੋਂ ਠੰਢ ਪੈ ਰਹੀ ਹੈ। ਮੌਸਮ ਵਿਭਾਗ (IMD) ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਪੱਛਮੀ ਹਿਮਾਲਿਆ ਦੇ ਉੱਪਰਲੇ ਹਿੱਸਿਆਂ ਵਿੱਚ ਹਲਕੀ ਬਾਰਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ ਜਿਸ ਕਾਰਨ ਉੱਤਰੀ ਭਾਰਤ ਵਿੱਚ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ।



ਆਈਐਮਡੀ ਅਨੁਸਾਰ ਸੰਘਣੀ ਧੁੰਦ ਨੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ, ਬਿਹਾਰ ਅਤੇ ਝਾਰਖੰਡ ਦੇ ਕਈ ਇਲਾਕਿਆਂ ਨੂੰ ਢੱਕ ਲਿਆ ਹੈ। ਅਸਮਾਨ ਵਿੱਚ ਧੁੰਦ ਦੀ ਚਾਦਰ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ। ਇਸ ਦੌਰਾਨ IMD ਨੇ ਫਰਵਰੀ 'ਚ ਫਿਰ ਤੋਂ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਦੇ ਪੈਟਰਨ 'ਚ ਬਦਲਾਅ ਦੀ ਸੰਭਾਵਨਾ ਜਤਾਈ ਹੈ।

ਆਈਐਮਡੀ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਕਿ 2 ਫਰਵਰੀ ਤੱਕ ਇੱਕ ਤਾਜ਼ਾ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਲਿਆ ਤੱਕ ਪਹੁੰਚਣ ਦੀ ਉਮੀਦ ਹੈ। ਜਿਸ ਕਾਰਨ 2 ਤੋਂ 4 ਫਰਵਰੀ ਦਰਮਿਆਨ ਦਿੱਲੀ, ਹਰਿਆਣਾ, ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਫਰਵਰੀ ਦੇ ਪਹਿਲੇ ਹਫ਼ਤੇ ਪੂਰਬੀ ਅਤੇ ਉੱਤਰ ਪੂਰਬੀ ਖੇਤਰਾਂ ਵਿੱਚ ਵੀ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਤੋਂ ਉੱਤਰ-ਪੱਛਮੀ ਭਾਰਤ 'ਚ ਸੀਤ ਲਹਿਰ ਦੇ ਹਾਲਾਤ ਘੱਟ ਹੋਣ ਦੀ ਸੰਭਾਵਨਾ ਹੈ। ਜਦਕਿ 3 ਫਰਵਰੀ ਤੱਕ ਘੱਟੋ-ਘੱਟ ਤਾਪਮਾਨ 3-4 ਡਿਗਰੀ ਸੈਲਸੀਅਸ ਵਧ ਸਕਦਾ ਹੈ। ਇਸ ਦੇ ਨਾਲ ਹੀ 3 ਫਰਵਰੀ ਤੋਂ ਬਾਅਦ ਤਾਪਮਾਨ ਇਕ ਵਾਰ ਫਿਰ ਹੇਠਾਂ ਆਉਣ ਦੀ ਸੰਭਾਵਨਾ ਹੈ। ਬਾਰਸ਼ ਦੀਆਂ ਗਤੀਵਿਧੀਆਂ ਅਤੇ ਸੀਤ ਲਹਿਰ ਦੇ ਨਾਲ, 3 ਫਰਵਰੀ ਤੋਂ ਇੱਕ ਵਾਰ ਫਿਰ ਠੰਢ ਵਧ ਸਕਦੀ ਹੈ।

ਪੂਰਬੀ ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਸੀਤ ਲਹਿਰ ਦੇ ਹਾਲਾਤ ਜਾਰੀ ਰਹਿ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਅੱਜ ਵੀ ਠੰਢ ਰਹੇਗੀ। ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਅੱਜ ਤਾਪਮਾਨ 6 ਡਿਗਰੀ ਤੱਕ ਡਿੱਗ ਸਕਦਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਹੇਗਾ।