ਕਾਂਗਰਸ ਦੇ ਸਾਬਕਾ ਵਿਧਾਇਕ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਪਤਨੀ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ 

 

 ਸਮਰਾਲਾ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ , ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ ਵਿਧਾਨ ਸਭਾ ਹਲਕਾ ਸਮਰਾਲਾ ਵਿੱਖੇ।  ਜਿੱਥੇ 4 ਵਾਰ ਦੇ ਵਿਧਾਇਕ ਅਮਰੀਕ ਸਿੰਘ ਢਿਲੋਂ ਦੀ ਕਾਂਗਰਸ ਨੇ ਟਿਕਟ ਕੱਟ ਦਿੱਤੀ ਅਤੇ ਰੁਪਿੰਦਰ ਸਿੰਘ ਗਿੱਲ ਨੂੰ ਟਿਕਟ ਦਿਤਾ ਹੈ, ਜਿਸ 'ਤੇ ਅਮਰੀਕ ਸਿੰਘ ਢਿੱਲੋਂ ਵਲੋਂ ਬਗ਼ਾਵਤ ਕਰ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। 


 

ਅੱਜ ਅਮਰੀਕ ਸਿੰਘ ਢਿੱਲੋਂ ਦੀ ਪਤਨੀ ਮਲਕੀਤ ਕੌਰ ਢਿੱਲੋਂ ਵਲੋਂ ਮਹਿਲਾਵਾਂ ਨੂੰ ਇਕੱਠਾ ਕਰ ਇਕ ਬੈਠਕ ਕੀਤੀ ਗਈ ਅਤੇ ਪਾਰਟੀ ਦੇ ਇਸ ਫੈਸਲੇ ਦੀ ਨਿਖੇਦੀ ਕਰਦਿਆਂ ਅਮਰੀਕ ਸਿੰਘ ਢਿੱਲੋਂ ਦੇ ਹੱਕ ਵਿੱਚ ਡੱਟ ਕੇ ਖੜਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਕਿਸੇ ਵੀ ਪਿੰਡ ਜਾਂ ਸ਼ਹਿਰ 'ਚ ਕਾਂਗਰਸ ਦੇ ਉਮੀਦਵਾਰ ਨੂੰ ਵੜਨ ਨਹੀਂ ਦੇਵਾਂਗੇ, ਜਿੱਥੇ ਵੀ ਉਹ ਆਵੇਗਾ ,ਉਸ ਨੂੰ ਅਸੀਂ ਭਜਾਵਾਂਗੇ ਤੇ ਉਹਨਾਂ ਕਿਹਾ ਕਿ ਕਾਂਗਰਸ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ ਹੈ। 

 

ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਜਾਰੀ ਹੈ। ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 1 ਫਰਵਰੀ ਤੱਕ ਜਾਰੀ ਰਹੇਗੀ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ  ਮੁਤਾਬਕ ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ ਅਤੇ ਵਾਪਸੀ ਦੀ ਆਖਰੀ ਮਿਤੀ 4 ਫਰਵਰੀ ਹੋਵੇਗੀ।  

 

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਐਨਕੋਰ ਸਾਫਟਵੇਅਰ `ਤੇ ਉਪਲਬਧ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਚੌਥੇ ਦਿਨ ਸੂਬੇ ਵਿੱਚ ਸਿਰਫ਼ 317 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਹਨ। ਨਾਮਜ਼ਦਗੀ ਦੇ ਤਿੰਨ ਦਿਨਾਂ ਦੋਰਾਨ 302 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ ਹੁਣ ਰਾਜ ਵਿੱਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 619 ਹੋ ਗਈ ਹੈ।