ਬਰਨਾਲਾ: ਸਰਕਾਰ ਦੀ ਕਰਜ਼ ਮੁਆਫੀ ਤੇ ਬੈਂਕਾਂ ਵੱਲੋਂ ਖਾਲੀ ਚੈੱਕਾਂ ਦੀ ਗਾਰੰਟੀ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਭਰ ਵਿੱਚ ਸਹਿਕਾਰੀ ਬੈਂਕ ਹੈੱਡਕੁਆਟਰਾਂ 'ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਝੋਨੇ ਦੀ ਕਾਸ਼ਤ ਤੈਅ ਕੀਤੇ ਸਰਕਾਰੀ ਸਮੇਂ ਤੋਂ ਪਹਿਲਾਂ ਕਰਨ ਦਾ ਐਲਾਨ ਵੀ ਕੀਤਾ।
ਕਿਸਾਨਾਂ ਦਾ ਇਲਜ਼ਾਮ ਹੈ ਕਿ ਬੈਂਕ ਉਨ੍ਹਾਂ ਤੋਂ ਕਰਜ਼ ਦੇਣ ਲਈ ਗਾਰੰਟੀ ਵਜੋਂ ਖਾਲੀ ਚੈੱਕ ਲੈਂਦੇ ਹਨ ਤੇ ਫਿਰ ਉਨ੍ਹਾਂ ਉੱਪਰ 420 ਦੇ ਮੁਕੱਦਮੇ ਦਰਜ ਕਰਵਾ ਦਿੰਦੇ ਹਨ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ 10 ਜੂਨ ਤੋਂ ਹੀ ਝੋਨਾ ਬੀਜਣਾ ਸ਼ੁਰੂ ਕਰਨਗੇ ਤੇ ਜੇਕਰ ਸਰਕਾਰ ਨੇ ਇਸ ਦਿਨ ਤੋਂ ਬਿਜਲੀ ਸਪਲਾਈ ਬਹਾਲ ਨਾ ਕੀਤੀ ਜਾਂ ਪੰਜਾਬ ਦੇ ਸਾਰੇ ਗਰਿੱਡਾਂ ਦਾ ਘਿਰਾਓ ਵੀ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਰੂਪ ਸਿੰਘ ਛੰਨਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸਹਿਕਾਰੀ ਸਭਾਵਾਂ, ਬੈਂਕਾਂ ਤੇ ਆੜ੍ਹਤੀਆਂ ਦੇ ਕਰਜ਼ ਤੋਂ ਕਿਸਾਨਾਂ ਨੂੰ ਮੁਕਤੀ ਮਿਲੇਗੀ ਪਰ ਸੱਤਾ ਵਿੱਚ ਆਉਂਦੇ ਹੀ ਉਹ ਸਾਰੇ ਵਾਅਦੇ ਭੁੱਲ ਚੁੱਕੀ ਹੈ।