ਚੰਡੀਗੜ੍ਹ: ਅਗਲੇ ਮਹੀਨੇ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਦਿੱਲੀ ਵੱਲ ਕੂਚ ਕਰਨਗੇ। ਕਿਸਾਨ 20 ਨਵੰਬਰ ਤੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ 'ਕਿਸਾਨ ਮੁਕਤੀ ਸੰਸਦ' ਲਾਉਣਗੇ। ਕਿਸਾਨਾਂ ਦਾ ਟੀਚਾ ਹੈ ਕਿ ਇਸ ਸੰਸਦ ਨੂੰ ਪਾਰਲੀਮੈਂਟ ਦੇ ਪੂਰੇ ਇਜਲਾਸ ਦੌਰਾਨ ਜੰਤਰ-ਮੰਤਰ 'ਤੇ ਬਰਾਬਰ ਚਲਾਇਆ ਜਾਵੇਗਾ। ਉਧਰ ਸਵਰਾਜ ਅਭਿਆਨ ਦੇ ਕਿਸਾਨ ਫਰੰਟ 'ਜੈ ਕਿਸਾਨ ਅੰਦੋਲਨ' ਵੱਲੋਂ ਪੰਜਾਬ ਇਕਾਈ ਦੀ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਾਬਕਾ ਵਿਧਾਇਕ ਤਰਸੇਮ ਜੋਧਾਂ ਇਸ ਦੇ ਕਨਵੀਨਰ ਬਣੇ ਹਨ।

ਪਹਿਲੇ ਪੜਾਅ ਤਹਿਤ ਜੈ ਕਿਸਾਨ ਅੰਦੋਲਨ, ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਨੂੰ 'ਕਿਸਾਨ ਮੁਕਤੀ ਸੰਸਦ' ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਗੇ। ਇਸੇ ਤਰ੍ਹਾਂ ਜ਼ਿਲ੍ਹਿਆਂ ਵਿੱਚ ਵੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤੇ ਪਿੰਡ-ਪਿੰਡ ਪਹੁੰਚ ਕੇ ਹਜ਼ਾਰਾਂ ਪਰਚੇ ਵੰਡੇ ਜਾਣਗੇ। ਜੈ ਕਿਸਾਨ ਅੰਦੋਲਨ ਮੁਤਾਬਕ ਅੱਜ ਦੇਸ਼ ਵਿੱਚ ਕਿਸਾਨ ਅੰਦੋਲਨ ਨਵੀਂ ਦਿਸ਼ਾ ਲੈ ਰਿਹਾ ਹੈ। ਹੁਣ "ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ" ਦੇ ਬੈਨਰ ਹੇਠ ਕਰੀਬ 180 ਜਥੇਬੰਦੀਆਂ ਇੱਕ ਮੰਚ ਉੁੱਪਰ ਆ ਗਈਆਂ ਹਨ।

ਤਰਸੇਮ ਜੋਧਾਂ ਨੇ ਕਿਹਾ ਕਿ "ਕਿਸਾਨ ਮੁਕਤੀ ਸੰਸਦ" ਤੋਂ ਪਹਿਲਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਿਸਾਨ ਮੁਕਤੀ ਯਾਤਰਾਵਾਂ ਕੀਤੀਆਂ ਜਾਣਗੀਆਂ। ਉਸ ਨੇ ਕਿਹਾ ਕਿ "ਕਿਸਾਨ ਮੁਕਤੀ ਯਾਤਰਾ" ਦੇ ਦੋ ਪੜਾਅ ਬਾਕੀ ਹਨ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਯਾਤਰਾ ਨਵੰਬਰ ਦੇ ਦੂਜੇ ਹਫ਼ਤੇ ਵਿੱਚ ਪਹੁੰਚੇਗੀ। ਜੋਧਾਂ ਨੇ ਕਿਹਾ ਕਿ ਸੰਪੂਰਨ ਕਰਜ਼ਾ ਮੁਕਤੀ ਅਤੇ ਫ਼ਸਲਾਂ ਦੇ ਵਾਜਬ ਮੁੱਲ ਕਿਸਾਨਾਂ ਦੀਆਂ ਮੁੱਖ ਮੰਗਾਂ ਹਨ।