ਪਿੰਡ ਛਲੇੜੀ ਕਲਾਂ ਦੇ ਕਿਸਾਨਾਂ ਨੇ ਸਰਕਾਰ ਨੂੰ ਖੁਦ ਨਹੀਂ ਸੌਂਪੀ ਸੀ 417 ਏਕੜ ਪੰਚਾਇਤੀ ਜ਼ਮੀਨ, 200 ਪਰਿਵਾਰਾਂ ਵੱਲੋਂ ਧੱਕੇਸ਼ਾਹੀ ਤੇ ਜ਼ਬਰਦਸਤੀ ਜ਼ਮੀਨ ਖੋਹਣ ਦਾ ਇਲਜ਼ਾਮ
ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਛੇੜੀ ਮੁਹਿੰਮ ਅਧੀਨ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਵਿਖੇ 417 ਏਕੜ ਪੰਚਾਇਤੀ ਜ਼ਮੀਨ ਪਿੰਡ ਵਾਸੀਆਂ ਵੱਲੋਂ ਖ਼ੁਦ ਸਰਕਾਰ ਦੇ ਸਪੁਰਦ ਕਰਨ ਦੇ ਮਾਮਲੇ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ।
ਫਤਹਿਗੜ੍ਹ: ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਛੇੜੀ ਮੁਹਿੰਮ ਅਧੀਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਵਿਖੇ 12 ਮਈ ਨੂੰ 417 ਏਕੜ ਪੰਚਾਇਤੀ ਜ਼ਮੀਨ ਪਿੰਡ ਵਾਸੀਆਂ ਵੱਲੋਂ ਖ਼ੁਦ ਸਰਕਾਰ ਦੇ ਸਪੁਰਦ ਕਰਨ ਦੇ ਮਾਮਲੇ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਜਿੱਥੇ 12 ਮਈ ਨੂੰ ਮੌਕੇ 'ਤੇ ਪੁੱਜੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਸੀ ਕਿ ਇਹ ਜ਼ਮੀਨ ਪਿੰਡ ਵਾਸੀਆਂ ਨੇ ਖੁਦ ਸਰਕਾਰ ਹਵਾਲੇ ਕਰਕੇ ਪੰਜਾਬ ਭਰ ਵਿਚੋਂ ਮੋਹਰੀ ਮਿਸਾਲ ਕਾਇਮ ਕੀਤੀ ਹੈ।
ਉਥੇ ਹੀ ਹੁਣ ਪਿੰਡ ਦੇ ਕਰੀਬ 200 ਪਰਿਵਾਰਾਂ ਨੇ ਪੰਜਾਬ ਸਰਕਾਰ ਉਪਰ ਧੱਕੇਸ਼ਾਹੀ ਦੇ ਦੋਸ਼ ਲਾਏ ਤੇ ਜ਼ਬਰਦਸਤੀ ਜ਼ਮੀਨ ਖੋਹਣ ਦਾ ਇਲਜ਼ਾਮ ਵੀ ਲਾਇਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਪਿੰਡ ਛਲੇੜੀ ਕਲਾਂ ਪੁੱਜੇ ਤੇ ਪਿੰਡ ਵਾਸੀਆਂ ਦਾ ਸਾਥ ਦੇਣ ਦਾ ਐਲਾਨ ਕੀਤਾ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਜਿੱਥੇ 100 ਸਾਲ ਤੋਂ ਵੱਧ ਸਮੇਂ ਤੋਂ ਲੋਕ ਜ਼ਮੀਨਾਂ ਉਪਰ ਕਾਬਜ਼ ਹਨ ਤੇ ਜੰਗਲੀ ਜ਼ਮੀਨਾਂ ਨੂੰ ਵਾਹੀਯੋਗ ਬਣਾ ਕੇ ਆਪਣਾ ਖੂਨ ਪਸੀਨਾ ਬਹਾ ਰਹੇ ਹਨ। ਉਥੇ ਹੁਣ ਆਮ ਆਦਮੀ ਪਾਰਟੀ ਇਨ੍ਹਾਂ ਜਮੀਨਾਂ ਉਪਰ ਖੁਦ ਕਬਜ਼ਾ ਕਰਨ ਦੀ ਫਿਰਾਕ 'ਚ ਹੈ।
ਉਨ੍ਹਾਂ ਕਿਹਾ ਕਿ ਪਿੰਡ ਛਲੇੜੀ ਕਲਾਂ ਵਿਖੇ 417 ਏਕੜ ਜ਼ਮੀਨ ਸਰਕਾਰ ਨੂੰ ਸੌਂਪਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਉਲਟ ਪਿੰਡ ਵਾਸੀਆਂ ਨੇ ਸੱਚਾਈ ਸਾਮਣੇ ਲਿਆਂਦੀ ਹੈ। ਇਹ ਜ਼ਮੀਨ 1904 'ਚ ਪਿੰਡ ਦੇ ਬਜੁਰਗਾਂ ਨੇ ਅੰਗਰੇਜਾਂ ਸਮੇਂ ਖਰੀਦੀ ਸੀ ਤੇ ਕਦੇ ਵੀ ਇਸ ਦੀ ਬੋਲੀ ਨਹੀਂ ਹੋਈ। ਇਹ ਜ਼ਮੀਨ ਕਾਗਜਾਂ 'ਚ ਵੀ ਬਜੁਰਗਾਂ ਦੇ ਨਾਂ ਬੋਲਦੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰੇਗਾ। ਜੇਕਰ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਧੱਕੇਸ਼ਾਹੀ ਦਾ ਜਵਾਬ ਲੋਕਾਂ ਦੇ ਨਾਲ ਖੜ੍ਹ ਕੇ ਦਿੱਤਾ ਜਾਵੇਗਾ। ਕਾਨੂੰਨੀ ਲੜਾਈ ਵੀ ਲੜੀ ਜਾਵੇਗੀ।
ਉਥੇ ਹੀ ਪਿੰਡ ਵਾਸੀਆਂ ਨੇ ਕਾਗਜਾਤ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਇਹ 417 ਏਕੜ ਜ਼ਮੀਨ ਵਿੱਚੋਂ 350 ਏਕੜ ਵਾਹੀਯੋਗ ਹੈ। ਜਿਸ ਉਪਰ ਪਿੰਡ ਦੇ ਕਰੀਬ 200 ਪਰਿਵਾਰ ਨਿਰਭਰ ਹਨ ਅਤੇ 117 ਸਾਲਾਂ ਤੋਂ ਇਹ ਜ਼ਮੀਨ ਉਹਨਾਂ ਦੇ ਕਬਜ਼ੇ ਅਧੀਨ ਹੈ। 12 ਮਈ ਨੂੰ ਭਾਰੀ ਪੁਲਿਸ ਫੋਰਸ ਲਾ ਕੇ ਧੱਕੇ ਨਾਲ ਇਹ ਐਲਾਨ ਕੀਤਾ ਗਿਆ ਕਿ ਜ਼ਮੀਨ ਪਿੰਡ ਵਾਲਿਆਂ ਨੇ ਸਰਕਾਰ ਨੂੰ ਦਿੱਤੀ ਹੈ। ਇਹ ਬਿਲਕੁਲ ਝੂਠ ਹੈ। ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ।