ਕੁੰਡਲੀ ਬਾਰਡਰ ’ਤੇ ਕਿਸਾਨ ਪਲਾਟ ਕੱਟ ਕੇ ਪੱਕੇ ਮਕਾਨ ਉਸਾਰਨ ਲੱਗੇ, ਪੰਜਾਬ-ਹਰਿਆਣਾ ਦਾ ਬਣੇਗਾ ਸਾਂਝਾ ਮੁਹੱਲਾ
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਕੁੰਡਲੀ ਬਾਰਡਰ ’ਤੇ ਅੰਦੋਲਨਕਾਰੀ ਕਿਸਾਨਾਂ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਉਹ ਹੁਣ ਇੱਥੇ ਹੀ ਆਪਣੇ ਪੱਕੇ ਮਕਾਨ ਬਣਾਉਣ ਜਾ ਰਹੇ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਕੁੰਡਲੀ ਬਾਰਡਰ ’ਤੇ ਅੰਦੋਲਨਕਾਰੀ ਕਿਸਾਨਾਂ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਉਹ ਹੁਣ ਇੱਥੇ ਹੀ ਆਪਣੇ ਪੱਕੇ ਮਕਾਨ ਬਣਾਉਣ ਜਾ ਰਹੇ ਹਨ। ਇਸੇ ਲਈ ਹੁਣ ਉਨ੍ਹਾਂ ਨੇ ਕੁੰਡਲੀ ਧਰਨੇ ਦੀ ਮੁੱਖ ਸਟੇਜ ਤੋਂ ਅੱਧਾ ਕਿਲੋਮੀਟਰ ਪਹਿਲਾਂ ਹੀ ਪਾਨੀਪਤ ਤੋਂ ਦਿੱਲੀ ਜਾਣ ਵਾਲੀ ਸੜਕ ਉੱਤੇ ਪੱਕੇ ਮਕਾਨ ਬਣਾਉਣ ਲਈ ਉਸਾਰੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਜਦੋਂ ਉੱਥੇ ਉਸਾਰੀਆਂ ਰੁਕਵਾਉਣ ਲਈ ਪੁੱਜੀ ਤੇ ਕਿਸਾਨਾਂ ਨੂੰ ਸਰਕਾਰੀ ਪ੍ਰਵਾਨਗੀ ਵਿਖਾਉਣ ਲਈ ਕਿਹਾ, ਤਾਂ ਅੱਗਿਓਂ ਕਿਸਾਨਾਂ ਨੇ ਅਧਿਕਾਰੀਆਂ ਨੂੰ ਸੁਆਲ ਕੀਤਾ ਕਿ ਸਰਕਾਰ ਨੇ ਕਿਸ ਨੂੰ ਪੁੱਛ ਕੇ ਲੋਕ ਵਿਰੋਧੀ ਖੇਤੀ ਕਾਨੂੰਨ ਬਣਾਏ ਸਨ। ਤਦ ਥੋੜ੍ਹੀ ਬਹਿਸਬਾਜ਼ੀ ਤੋਂ ਬਾਅਦ ਪੁਲਿਸ ਨੂੰ ਬੇਰੰਗ ਪਰਤਣਾ ਪਿਆ।
ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਪੱਕੇ ਮਕਾਨਾਂ ਦੀ ਉਸਾਰੀ ਨੂੰ ਵੇਖਦਿਆਂ ਲੋਕਾਂ ਨੇ ਇੱਟਾਂ ਤੇ ਹੋਰ ਨਿਰਮਾਣ ਸਮੱਗਰੀ ਉੱਥੇ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ। ਕਈ ਮਕਾਨਾਂ ਦੀਆਂ ਨੀਂਹਾਂ ਤਿਆਰ ਹੋ ਚੁੱਕੀਆਂ ਹਨ। ਕਈ ਕਿਸਾਨਾਂ ਨੇ ਤਾਂ ਟਿਊਬਵੈੱਲ ਵੀ ਲਵਾਏ ਹਨ।
ਕਿਸਾਨਾਂ ਨੇ ਇੱਥੇ ਪੱਕੀਆਂ ਉਸਾਰੀਆਂ ਨੂੰ ਲੈ ਕੇ ਦਲੀਲ ਦਿੱਤੀ ਹੈ ਕਿ ਕੇਂਦਰ ਸਰਕਾਰ ਹੁਣ ਜਦੋਂ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ-ਇਸੇ ਲਈ ਹੁਣ ਇਹ ਕਦਮ ਚੁੱਕਿਆ ਗਿਆ ਹੈ।
ਕਿਸਾਨਾਂ ਅਨੁਸਾਰ ਸਰਕਾਰ ਦੀ ਜ਼ਿੱਦ ਕਾਰਣ ਹੀ ਉਹ ਬਾਰਡਰ ’ਤੇ ਡਟੇ ਰਹਿਣ ਲਈ ਮਜਬੂਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਉਹ ਇੱਥੇ ਪਲਾਟ ਵੀ ਕਟਵਾਉਣਗੇ ਤੇ ਇੱਥੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਸਾਂਝਾ ਮੁਹੱਲਾ ਵਸਾਇਆ ਜਾਵੇਗਾ। ਇੰਝ ਉਹ ਆਪਣੀ ਉਸ ਜ਼ਮੀਨ ਦਾ ਬਦਲਾ ਲੈ ਸਕਣਗੇ, ਜਿਸ ਨੂੰ ਮੋਦੀ ਸਰਕਾਰ ਕਾਰਪੋਰੇਟਸ ਨੂੰ ਵੇਚਣ ਦੇ ਚੱਕਰਾਂ ਵਿੱਚ ਹੈ।
ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਤਦ ਤੱਕ ਉਹ ਪਿੱਛੇ ਹਟਣ ਵਾਲੇ ਨਹੀਂ ਹਨ। ਰੋਜ਼ਾਨਾ ‘ਹਰਿਭੂਮੀ’ ਤੇ ਕਈ ਸਥਾਨਕ ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ ਕੁੰਡਲੀ ਬਾਰਡਰ ਉੱਤੇ ਪਿਛਲੇ ਇੱਕ ਹਫ਼ਤੇ ਤੋਂ ਮਕਾਨਾਂ ਦੀ ਉਸਾਰੀ ਦਾ ਕੰਮ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਗਰਮੀਆਂ ’ਚ ਪਾਣੀ ਦੀ ਕੋਈ ਸਮੱਸਿਆ ਨਾ ਆਵੇ, ਇਸ ਲਈ ਟਿਊਬਵੈੱਲ ਲਾਏ ਜਾ ਰਹੇ ਹਨ।