ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉੱਪਰ ਕਿਸਾਨ ਅੰਦੋਲਨ ਨੂੰ ਭਲਕੇ ਛੇ ਮਹੀਨੇ ਹੋ ਜਾਣਗੇ। ਇਸ ਲਈ ਕਿਸਾਨ 26 ਮਈ ਨੂੰ ਅੰਦੋਲਨ ਹੋਰ ਤਿੱਖਾ ਕਰਨ ਜਾ ਰਹੇ ਹਨ। ਕਿਸਾਨਾਂ ਨੇ ਕੋਰੋਨਾਵਾਇਰਸ ਦੇ ਕਹਿਰ ਕਰਕੇ ਕਾਫੀ ਸਮੇਂ ਤੋਂ ਕੋਈ ਵੱਡਾ ਐਕਸ਼ਨ ਨਹੀਂ ਕੀਤਾ ਸੀ। ਹੁਣ ਕੋਰੋਨਾ ਦੇ ਕੇਸ ਘਟਣ ਮਗਰੋਂ ਕਿਸਾਨ ਨਵੀਂ ਰਣਨੀਤੀ ਦਾ ਐਲਾਨ ਕਰਨਗੇ। ਇਸ ਦੀ ਸ਼ੁਰੂਆਤ ਕੱਲ੍ਹ ਤੋਂ ਹੋਏਗੀ। ਇਸ ਤਹਿਤ ਕਿਸਾਨ ਅੰਦੋਲਨ ਨੂੰ ਛੇ ਮਹੀਨੇ ਮੁਕੰਮਲ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਮੁਲਕ ’ਚ ‘ਕਾਲਾ ਝੰਡਾ ਦਿਵਸ’ ਮਨਾਇਆ ਜਾ ਰਿਹਾ ਹੈ।
ਕਿਸਾਨ ਲੀਡਰਾਂ ਮੁਤਾਬਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਸਮੇਤ ਹੋਰ ਸਾਰੇ ਰਾਜਾਂ ਵਿੱਚ ‘ਕਾਲਾ ਝੰਡਾ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਤਹਿਤ ਪਿੰਡ-ਪਿੰਡ ਮੁਜ਼ਹਾਰੇ, ਕੇਂਦਰ ਸਰਕਾਰ ਦੀਆਂ ਅਰਥੀਆਂ ਤੇ ਪੁਤਲੇ ਫੂਕੇ ਜਾਣਗੇ। ਕਿਸਾਨਾਂ ਵੱਲੋਂ ਆਪਣੇ ਘਰਾਂ ਤੇ ਖੇਤੀ ਸੰਦਾਂ ਸਮੇਤ ਆਵਾਜਾਈ ਲਈ ਵਰਤੇ ਜਾਂਦੇ ਨਿੱਜੀ ਵਾਹਨਾਂ ਉਪਰ ਵੀ ਰੋਸ ਵਜੋਂ ਕਾਲੇ ਝੰਡੇ ਲਹਿਰਾਏ ਜਾਣਗੇ।
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਸਾਹਿਤਕਾਰਾਂ, ਰੰਗਕਰਮੀਆਂ, ਟਰਾਂਸਪੋਰਟਰਾਂ, ਵਪਾਰੀਆਂ ਤੇ ਦੁਕਾਨਦਾਰਾਂ ਸਮੇਤ ਹਰ ਵਰਗ ਨੂੰ ਇਸ ਇਤਿਹਾਸਕ ਦਿਨ ਮੌਕੇ ਆਪਣਾ ਰੋਸ ਪ੍ਰਗਟਾਉਣ ਲਈ ਕਿਹਾ ਹੈ। ਕਿਸਾਨ ਲੀਡਰਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਕਾਲੀਆਂ ਪੱਗਾਂ ਤੇ ਕਾਲੀਆਂ ਚੁੰਨੀਆਂ ਨਾਲ ਪੱਕੇ ਧਰਨਿਆਂ ’ਚ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਚੌਕਾਂ ’ਚ ਵੀ ਨਾਅਰਿਆਂ ਵਾਲੇ ਫਲੈਕਸ ਲੈ ਕੇ ਪ੍ਰਦਰਸ਼ਨ ਕੀਤੇ ਜਾਣ। ਉਨ੍ਹਾਂ ਲੋਕਾਂ ਨੂੰ ਘਰਾਂ, ਦੁਕਾਨਾਂ, ਦਫ਼ਤਰਾਂ, ਟਰੈਕਟਰਾਂ, ਕਾਰਾਂ, ਜੀਪਾਂ, ਸਕੂਟਰਾਂ ਮੋਟਰ ਸਾਈਕਲਾਂ, ਬੱਸਾਂ, ਟਰੱਕਾਂ ਉਪਰ ਕਾਲੇ ਝੰਡੇ ਲਾ ਕੇ ਤਿੰਨੋਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਤੇ ਪਰਾਲੀ ਆਰਡੀਨੈਂਸ ਦੀ ਖ਼ਿਲਾਫ਼ਤ ਕਰਨ ਲਈ ਕਿਹਾ।
ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ’ਚੋਂ ਹੁਣ ਤੱਕ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਦਾ ਵਤੀਰਾ ਪਹਿਲਾਂ ਵਾਲਾ ਹੀ ਹੈ ਤੇ ਉਹ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਕਿਸਾਨਾਂ ਖ਼ਿਲਾਫ਼ ਨਿੱਤ ਨਵੇਂ ਬਿਆਨ ਜਾਰੀ ਕਰ ਰਹੀ ਹੈ ਜੋ ਬਿਲਕੁਲ ਝੂਠ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੂੰ ਕਿਸਾਨਾਂ ਦੀ ਫਿਕਰ ਹੈ ਤਾਂ ਉਹ ਕੇਂਦਰ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਿਉਂ ਨਹੀਂ ਕਰਵਾਉਂਦੀ।
ਇਹ ਵੀ ਪੜ੍ਹੋ: ਫੈਟ ਟੂ ਫਿੱਟ ਹੋਏ Rapper Badshah, ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin