ਹੁਸ਼ਿਆਰਪੁਰ: ਖੰਡ ਮਿਲਾਂ ਤੋਂ ਆਪਣੇ ਪੈਸੇ ਲੈਣ ਲਈ ਕਿਸਾਨਾਂ ਦੇ ਧਰਨੇ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਏ ਹਨ, ਪਰ ਹੁਣ ਪੁਲਿਸ ਨੇ ਉਨ੍ਹਾਂ ਵਿਰੁੱਧ ਹੀ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਖੰਡ ਮਿਲਾਂ ਦੇ ਬੂਹੇ ਮੱਲੀ ਬੈਠੇ ਕਿਸਾਨਾਂ ਵਿਰੁੱਧ ਸੜਕੀ ਆਵਾਜਾਈ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਕਾਰਵਾਈ ਕੀਤੀ ਜਾ ਰਹੀ ਹੈ।

ਮੁਕੇਰੀਆਂ ਵਿੱਚ ਧਰਨਾ ਦੇ ਰਹੇ ਕਿਸਾਨਾਂ 'ਤੇ ਪੁਲਿਸ ਨੇ ਕੇਸ ਦਰਜ ਕੀਤੇ ਹਨ। ਮੁਕੇਰੀਆਂ ਪੁਲਿਸ ਨੇ ਤਕਰੀਬਨ 28 ਕਿਸਾਨਾਂ ਦਾ ਨਾਵਾਂ ਸਮੇਤ ਜਦਕਿ ਕਈ ਅਣਪਛਾਤਿਆਂ ਉੱਪਰ ਮਾਮਲਾ ਦਰਜ ਕੀਤਾ ਹੈ। ਦਸੂਹਾ ਦੇ ਉਪ ਪੁਲਿਸ ਕਪਤਾਨ ਅੱਛਰੂ ਰਾਮ ਦਾ ਪਰਚਿਆਂ 'ਤੇ ਕਹਿਣਾ ਹੈ ਕਿ ਕਿਸਾਨਾਂ ਦੇ ਧਰਨੇ ਕਾਰਨ ਆਮ ਆਵਾਜਾਈ ਵਿੱਚ ਵਿਘਨ ਪੈ ਗਿਆ ਹੈ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕਿਸਾਨਾਂ ਤੇ ਸਰਕਾਰ ਦਰਮਿਆਨ ਬੈਠਕ ਵੀ ਬੇਨਤੀਜਾ ਰਹੀ ਸੀ, ਜਿਸ ਤੋਂ ਅਗਲੇ ਦਿਨ ਪੁਲਿਸ ਨੇ ਕਿਸਾਨਾਂ 'ਤੇ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਨਿੱਜੀ ਖੰਡ ਮਿਲਾਂ ਤੋਂ ਆਪਣੀ ਪਿਛਲੀ ਫ਼ਸਲ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ ਤੇ ਚੀਨੀ ਮਿੱਲਾਂ ਦਾ ਤਰਕ ਹੈ ਕਿ ਸਰਕਾਰ ਉਨ੍ਹਾਂ ਨੂੰ ਪੈਸੇ ਨਹੀਂ ਜਾਰੀ ਕਰ ਰਹੀ, ਜਿਸ ਕਾਰਨ ਉਹ ਕਿਸਾਨਾਂ ਨੂੰ ਅਦਾਇਗੀ ਨਹੀਂ ਕਰ ਪਾ ਰਹੇ।