Agriculture News: ਕਿਸਾਨਾਂ ਲਈ ਖੁਸ਼ਖਬਰੀ! ਖੇਤੀ ਵਿਭਿੰਨਤਾ ਨਾਲ ਵਧੇਗੀ ਕਿਸਾਨਾਂ ਦੀ ਆਮਦਨ, ਸੀਐਮ ਭਗਵੰਤ ਮਾਨ ਵਿਸਾਖੀ ਮੌਕੇ ਦੇਣਗੇ ਵੱਡਾ ਤੋਹਫਾ
ਪੰਜਾਬ ਅੰਦਰ ਕਿਸਾਨੀ ਸੰਕਟ ਨਾਲ ਨਜਿੱਣ ਲਈ ਭਗਵੰਤ ਮਾਨ ਸਰਕਾਰ ਵਿਆਪਕ ਯੋਜਨਾ ਬਣਾ ਰਹੀ ਹੈ। ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਸਰਕਾਰ ‘ਨਵੀਂ ਖੇਤੀ ਨੀਤੀ-2023’ ਲਿਆ ਰਹੀ ਹੈ।
Agriculture News: ਪੰਜਾਬ ਅੰਦਰ ਕਿਸਾਨੀ ਸੰਕਟ ਨਾਲ ਨਜਿੱਣ ਲਈ ਭਗਵੰਤ ਮਾਨ ਸਰਕਾਰ ਵਿਆਪਕ ਯੋਜਨਾ ਬਣਾ ਰਹੀ ਹੈ। ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਸਰਕਾਰ ‘ਨਵੀਂ ਖੇਤੀ ਨੀਤੀ-2023’ ਲਿਆ ਰਹੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਂ ਖੇਤੀ ਨੀਤੀ ਵਿਸਾਖੀ ਦੇ ਦਿਹਾੜੇ ’ਤੇ ਜਾਰੀ ਕੀਤੀ ਜਾ ਸਕਦੀ ਹੈ। ਇਸ ਬਾਰੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨਵੀਂ ਖੇਤੀ ਨੀਤੀ ਲਈ ਕੌਮਾਂਤਰੀ ਪ੍ਰਸਿੱਧੀ ਵਾਲੇ ਵਿਗਿਆਨੀਆਂ ਦੀ ਸਲਾਹ ਲਈ ਜਾ ਰਹੀ ਹੈ ਤੇ ਨਵੀਂ ਖੇਤੀ ਨੀਤੀ ਨੂੰ ਅੱਜ ਦੇ ਯੁੱਗ ਦੀ ਹਾਣ ਦਾ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੀ ਨਵੀਂ ਪੀੜ੍ਹੀ ਵਿਦੇਸ਼ ਜਾਣ ਦੀ ਥਾਂ ਖੇਤੀ ਨੂੰ ਤਰਜੀਹ ਦੇਵੇ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ‘ਨਵੀਂ ਖੇਤੀ ਨੀਤੀ-2023’ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਵਿਭਿੰਨਤਾ ’ਤੇ ਕੇਂਦਰਿਤ ਹੋਵੇਗੀ। ਇਸੇ ਦੌਰਾਨ ਸਹਾਇਕ ਧੰਦਿਆਂ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਕਰਜ਼ੇ ਕਾਰਨ ਖ਼ੁਦਕੁਸ਼ੀ ਦੇ ਵਧਦੇ ਰੁਝਾਨ ਨੂੰ ਵੀ ਠੱਲ੍ਹਣ ’ਤੇ ਨਵੀਂ ਨੀਤੀ ਵਿੱਚ ਧਿਆਨ ਦਿੱਤਾ ਜਾਵੇਗਾ। ਕਿਸਾਨਾਂ ਨੂੰ ਝੋਨੇ ਦੀ ਥਾਂ ਬਾਸਮਤੀ ਤੇ ਹੋਰ ਬਦਲਵੀਂਆਂ ਫ਼ਸਲਾਂ ਲਈ ਪ੍ਰੇਰਿਆ ਜਾਵੇਗਾ। ਸੋਇਆਬੀਨ ਤੇ ਮੱਕੀ ਹੇਠ ਰਕਬੇ ਵਿਚ ਵਾਧੇ ਦੀ ਗੱਲ ਵੀ ਕਹੀ ਜਾ ਰਹੀ ਹੈ। ਪੰਜਾਬ ਦੇ ਕਈ ਹਿੱਸਿਆ ’ਚ ਸਰ੍ਹੋਂ ਦੀ ਕਾਸ਼ਤ ’ਚ ਵਾਧਾ ਕਰਨ ਦੀ ਯੋਜਨਾਬੰਦੀ ਹੋਵੇਗੀ ਤੇ ਕਣਕ ਦੀਆਂ ਰਵਾਇਤੀ ਕਿਸਮਾਂ ਨੂੰ ਅਪਣਾਏ ਜਾਣ ਦੇ ਸੁਝਾਅ ਵੀ ਮਿਲੇ ਹਨ, ਜਿਨ੍ਹਾਂ ਲਈ ਮੰਡੀਕਰਨ ਦੇ ਵੱਖਰੇ ਪ੍ਰਬੰਧ ਹੋਣੇ ਚਾਹੀਦੇ ਹਨ।
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਪੰਜਾਬ ਭਵਨ ਵਿੱਚ ਨਵੀਂ ਖੇਤੀਬਾੜੀ ਨੀਤੀ ਸਬੰਧੀ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਖੇਤੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿੱਚ ਉੱਘੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਤੇ ਡਾ. ਬੀ ਐਸ ਗਿੱਲ ਵੀ ਸ਼ਾਮਲ ਹੋਏ। ਪੰਜਾਬ ਰਾਜ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਦੀ ਅਗਵਾਈ ਹੇਠ ਮਾਹਿਰਾਂ ਦੀ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ’ਤੇ ਸਹਿਮਤੀ ਵੀ ਬਣੀ ਹੈ।
ਮੀਟਿੰਗ ਵਿੱਚ ਡਾ. ਗੁਰਦੇਵ ਸਿੰਘ ਖੁਸ਼ ਤੇ ਡਾ. ਬਿਕਰਮ ਸਿੰਘ ਗਿੱਲ ਨੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਫ਼ਸਲਾਂ ਨੂੰ ਹੁਲਾਰਾ ਦੇਣ ਵਾਲੀ ਨੀਤੀ ਤਿਆਰ ਕਰਨ ਲਈ ਵਿਚਾਰ ਪੇਸ਼ ਕੀਤੇ। ਦੱਸਣਯੋਗ ਹੈ ਕਿ ਪੰਜਾਬ ਵਿਚ ਔਸਤਨ ਪ੍ਰਤੀ ਕਿਸਾਨ ਪਰਿਵਾਰ ਦੇ ਸਿਰ ਦੋ ਲੱਖ ਰੁਪਏ ਦਾ ਕਰਜ਼ਾ ਹੈ, ਜਦਕਿ ਕੌਮੀ ਔਸਤ 74 ਹਜ਼ਾਰ ਰੁਪਏ ਤੋਂ ਵੱਧ ਹੈ। ਪੰਜਾਬ ’ਚ 2012 ਤੋਂ 2023 ਤੱਕ 1403 ਕਿਸਾਨ ਤੇ 403 ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਚੁੱਕੇ ਹਨ, ਜਿਨ੍ਹਾਂ ’ਚੋਂ 939 ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਹੈ।