ਚੰਡੀਗੜ੍ਹ: ਕਰੋਨਾਵਾਇਰਸ ਮਹਾਮਾਰੀ ਵਿੱਚ ਸਭ ਤੋਂ ਵੱਡੀ ਮੁਸੀਬਤ ਕਿਸਾਨਾਂ 'ਤੇ ਪਈ ਹੈ। ਹਾੜੀ ਦੀ ਫਸਲ ਪੱਕੀ ਹੋਈ ਹੈ ਤੇ ਸਾਉਣੀ ਦੀ ਬਿਜਾਈ ਲਈ ਤਿਆਰੀ ਕਰਨੀ ਹੈ। ਅਜਿਹੇ ਵਿੱਚ ਸਰਕਾਰਾਂ ਵੀ ਕਸੂਤੀਆਂ ਘਿਰੀਆਂ ਹੋਈਆਂ ਹਨ, ਕਿਉਂਕਿ ਕਾਰੋਬਾਰ ਤਾਂ ਕੁਝ ਸਮਾਂ ਹੋਰ ਬੰਦ ਹੋ ਸਕਦੇ ਹਨ ਪਰ ਫਸਲਾਂ ਦਾ ਸੀਜ਼ਨ ਨੂੰ ਨਹੀਂ ਟਾਲਿਆ ਜਾ ਸਕਦਾ। ਸਰਕਾਰ ਨੇ ਹਾੜੀ ਦੀ ਕਟਾਈ ਤੋਂ ਬਾਅਦ ਸਾਉਣੀ ਦੀ ਬਿਜਾਈ ਬਾਰੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।


ਇਸ ਤਹਿਤ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਦੱਸ ਦਈਏ ਕਿ ਮੁਲਕ ਦੇ ਕੁਝ ਹਿੱਸਿਆਂ ’ਚ ਝੋਨੇ, ਦਾਲਾਂ, ਕਪਾਹ ਤੇ ਗੰਨੇ ਸਮੇਤ ਹੋਰ ਫਸਲਾਂ ਦੀ ਬਿਜਾਈ ਲਈ ਤਿਆਰੀ ਸ਼ੁਰੂ ਹੋ ਗਈਆਂ ਹਨ।

ਮੰਤਰਾਲੇ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਝੋਨੇ ਤੇ ਸਬਜ਼ੀਆਂ ਦੀ ਬਿਜਾਈ ਦੌਰਾਨ ਖੇਤ ਮਜ਼ਦੂਰਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਉਹ ਸੈਨੇਟਾਈਜ਼ੇਸ਼ਨ ਦੀ ਵਰਤੋਂ ਕਰਨ ਤੇ ਮਾਸਕ ਜ਼ਰੂਰ ਪਾ ਕੇ ਰੱਖਣ। ਖੇਤ ਮਜ਼ਦੂਰ ਜਦੋਂ ਬਿਜਾਈ ਕਰਕੇ ਪਰਤਣ ਤਾਂ ਉਹ ਆਪਣੇ ਹੱਥਾਂ, ਲੱਤਾਂ ਤੇ ਚਿਹਰੇ ਨੂੰ ਸਾਬਣ ਨਾਲ ਧੋਣਾ ਯਕੀਨੀ ਬਣਾਉਣ।

ਮੰਤਰਾਲੇ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਾਸਤੇ ਟਰੈਕਟਰ ਆਦਿ ਮਸ਼ੀਨਰੀ ਦੀ ਵਧ ਵਰਤੋਂ ਕਰਨ ਲਈ ਕਿਹਾ ਹੈ ਤਾਂ ਜੋ ਖੇਤ ਮਜ਼ਦੂਰਾਂ ਦੀ ਗਿਣਤੀ ਘਟਾਈ ਜਾ ਸਕੇ। ਉਨ੍ਹਾਂ ਖੇਤ ਮਜ਼ਦੂਰਾਂ ਨੂੰ ਇਕ ਤੋਂ 2 ਮੀਟਰ ਦਾ ਫਾਸਲਾ ਬਣਾ ਕੇ ਰੱਖਣ ਲਈ ਕਿਹਾ ਹੈ। ਵਾਹੀ ਲਈ ਟਰੈਕਟਰ, ਹਲ ਤੇ ਹੋਰ ਉਪਕਰਣਾਂ ਦੀ ਵਰਤੋਂ ਤੋਂ ਪਹਿਲਾਂ ਉਨ੍ਹਾਂ ਨੂੰ ਸੈਨੇਟਾਈਜ਼ ਕਰਨਾ ਪਵੇਗਾ।

ਹਾੜੀ ਦੀਆਂ ਫਸਲਾਂ ਦੀ ਵਾਢੀ ਲਈ ਮੰਤਰਾਲੇ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ 4-5 ਮੀਟਰ ਦੀ ਦੂਰੀ ਬਣਾ ਕੇ ਇਸ ਦੀ ਕਟਾਈ, ਛਟਾਈ, ਪੈਕਿੰਗ ਆਦਿ ਕਰਨ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਅਨਾਜ ਭੰਡਾਰ ਤੋਂ ਪਹਿਲਾਂ ਫਸਲ ਨੂੰ 48 ਘੰਟਿਆਂ ਤਕ ਖੁੱਲ੍ਹੇ ’ਚ ਸੂਰਜ ਹੇਠਾਂ ਜ਼ਰੂਰ ਸੁਕਾ ਲੈਣ।