Sri muktsar sahib news: ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਘੂ ਗੁੰਬਰ ਅਤੇ ਸੋਮੀਲ ਗੁੰਬਰ ਨੇ ਆਪਣੇ ਘਰ ਵਿੱਚ ਹੀ ਕੇਸਰ ਦੀ ਖੇਤੀ ਦਾ ਸਫਲ ਤਜ਼ਰਬਾ ਕੀਤਾ ਹੈ, ਜਿਨ੍ਹਾਂ ਦੇ ਯਤਨ ਨੂੰ ਕਰੀਬ 100 ਦਿਨਾਂ ਬਾਅਦ ਬੂਰ ਪੈਣਾ ਸ਼ੁਰੂ ਹੋ ਗਿਆ ਹੈ।
ਹੁਣ ਉਹ ਹੋਰ ਨੌਜਵਾਨਾਂ ਨੂੰ ਵੀ ਇਸ ਕਿੱਤੇ ਵੱਲ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁੰਬਰ ਭਰਾਵਾਂ ਨੇ ਦੱਸਿਆ ਕਿ ਇਸ ਵਾਸਤੇ ਉਨ੍ਹਾਂ ਕਾਫੀ ਖੋਜ ਪੜਤਾਲ ਕਰਕੇ ਆਪਣੇ ਘਰ ਵਿੱਚ ਹੀ ਇਕ ਵਿਸ਼ੇਸ਼ ਵਾਤਾਅਨੁਕੂਲ ਕਮਰਾ ਤਿਆਰ ਕੀਤਾ ਹੈ।
ਇਸ ਕਮਰੇ ਨੂੰ ਚਿੱਲਰ ਨਾਲ ਠੰਡਾ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਲੱਕੜ ਦੀਆਂ ਟਰੇਆਂ 'ਚ ਕੇਸਰ ਦੀਆਂ ਗੰਡੀਆਂ (ਬੀਜ) ਰੱਖੀਆਂ ਹੋਈਆਂ ਹਨ। ਇਨ੍ਹਾਂ ਲਈ ਕਰੀਬ 100 ਦਿਨ ਤੱਕ ਢੁਕਵੀਂ ਠੰਡਕ ਅਤੇ ਰੌਸ਼ਨੀ ਨਾਲ ਮਸਨੂਈ ਵਾਤਾਵਰਣ ਤਿਆਰ ਕੀਤਾ ਗਿਆ, ਹੁਣ ਕੇਸਰੀ ਰੰਗ ਦੇ ਫੁੱਲ ਖਿੜਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੁਝ ਸੂਬਿਆਂ ਵੱਲੋਂ ਬਿਜਲੀ 'ਤੇ ਪਾਣੀ ਸੈੱਸ ਵਸੂਲਣ ਖਿਲਾਫ਼ ਉਠਾਈ ਜ਼ੋਰਦਾਰ ਆਵਾਜ਼
ਇਨ੍ਹਾਂ ਫੁੱਲਾਂ ਵਿਚਕਾਰ ਖੜ੍ਹੇ ਰਘੂ ਗੁੰਬਰ ਨੇ ਦੱਸਿਆ ਕਿ ਇਸ ਸਾਰੇ ਪ੍ਰਾਜੈਕਟ ਉਪਰ ਕਰੀਬ 5 ਲੱਖ ਰੁਪਏ ਦਾ ਖਰਚਾ ਆਇਆ ਹੈ। ਕੇਸਰ ਦੇ ਫੁੱਲ ਤੋੜਕੇ ਉਨ੍ਹਾਂ ਵਿੱਚੋਂ ਮਕਰੰਦ ਕੱਢਿਆ ਜਾਂਦਾ ਹੈ ਜੋ ਕਿ ਬੇਸ਼ਕੀਮਤੀ ਦਵਾਈਆਂ 'ਚ ਵਰਤਿਆ ਜਾਂਦਾ ਹੈ।
ਸ਼ੁੱਧ ਕੇਸਰ ਦੀ ਇਸ ਵੇਲੇ ਕੀਮਤ 6 ਲੱਖ ਰੁਪਏ ਪ੍ਰਤੀ ਕਿੱਲੋ ਹੈ, ਉਨ੍ਹਾਂ ਦੱਸਿਆ ਕਿ ਹੁਣ ਜਲਦੀ ਹੀ ਬਕਸਿਆਂ ਦੀ ਗਿਣਤੀ ਵਧਾਕੇ ਵੱਧ ਗਿਣਤੀ 'ਚ ਕੇਸਰ ਪੈਦਾ ਕਰਨਗੇ। ਸ੍ਰੀ ਮੁਕਤਸਰ ਖੇਤਰ 'ਚ ਹੋਏ ਇਸ ਪਹਿਲੇ ਤਜ਼ਰਬੇ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਕੇਸਰ ਖੇਤੀ ਲਈ ਸਬਸਿਡੀ ਅਤੇ ਹੋਰ ਸਹੂਲਤਾਂ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Punjab News: ਸਥਾਨਕ ਸਰਕਾਰਾਂ ਮੰਤਰੀ ਨੇ ਸੂਬੇ ਵਾਸੀਆਂ ਨੂੰ ਕਚਰਾ ਤੇ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ