ਨਵੀਂ ਦਿੱਲੀ: ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਦਰਅਸਲ, ਬੀਤੀ 28 ਫਰਵਰੀ ਨੂੰ ਕੈਪਟਨ ਨੇ ਹਰਸਿਮਰਤ ਬਾਦਲ ਨੂੰ ਚਿੱਠੀ ਲਿਖੀ ਸੀ ਕਿ ਸੂਬੇ ਦੇ ਕਿਸਾਨਾਂ ਵੱਲ ਉਨ੍ਹਾਂ ਦਾ ਮੰਤਰਾਲਾ ਧਿਆਨ ਦੇਵੇ।
ਹਰਸਿਮਰਤ ਬਾਦਲ ਨੇ ਇਸ 'ਤੇ ਜਵਾਬ ਦਿੰਦਿਆਂ ਕਿਹਾ ਹੈ ਕਿ ਕੈਪਟਨ ਨੇ ਟੌਪ (Tomato, Onion ਤੇ Potato) ਸਕੀਮ ਤਹਿਤ ਸਿਰਫ ਉਨ੍ਹਾਂ ਸੂਬਿਆਂ ਨੂੰ ਹੀ ਲਾਭ ਮਿਲ ਸਕਦੇ ਹਨ, ਜੋ ਇਨ੍ਹਾਂ ਫ਼ਸਲਾਂ ਨੂੰ ਵੱਡੇ ਪੱਧਰ 'ਤੇ ਪੈਦਾ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਮੰਤਰਾਲਾ ਪੰਜਾਬ ਦਾ ਪੂਰਾ ਧਿਆਨ ਰੱਖ ਰਿਹਾ ਹੈ, ਸੂਬੇ ਵਿੱਚ 41 ਯੋਜਨਾਵਾਂ ਅਲਾਟ ਹਨ ਤੇ 1,500 ਕਰੋੜ ਰੁਪਏ ਦੀ ਸਰਕਾਰੀ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਨੂੰਨ ਮੁਤਾਬਕ ਇਸ ਸਕੀਮ ਵਿੱਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ, ਪਰ ਉਹ ਪੂਰੀ ਕੋਸ਼ਿਸ਼ ਕਰਦੇ ਹਨ ਕਿ ਦੇਸ਼ ਦੇ ਹਰ ਸੂਬੇ ਨੂੰ ਨਾਲ ਲੈਕੇ ਚੱਲਿਆ ਜਾਵੇ। ਉਨ੍ਹਾਂ ਕੈਪਟਨ ਸਰਕਾਰ 'ਤੇ ਦੋਸ਼ ਲਾਏ ਕਿ ਉਹ ਏਮਜ਼, ਆਯੁਸ਼ਮਾਨ ਭਾਰਤ ਤੇ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਯੋਜਨਾਵਾਂ ਦੇ ਲਾਭ ਲੋਕਾਂ ਤਕ ਪਹੁੰਚਣ 'ਚ ਅੜਿੱਕੇ ਡਾਹ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਲੁਧਿਆਣਾ ਦੇ ਲਾਢੋਵਾਲ 'ਚ ਬਣ ਰਹੇ ਫੂਡ ਪਾਰਕ ਦੇ ਸ਼ੁਰੂ ਹੋਣ 'ਚ ਹੋ ਰਹੀ ਦੇਰੀ ਲਈ ਵੀ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।