ਚੰਡੀਗੜ੍ਹ: ਹੁਣ ਕਿਸਾਨ ਹਾਈਬ੍ਰਿਡ ਬੀਜ ਤੋਂ ਹੀ ਬੀਜ ਤਿਆਰ ਕਰ ਸਕਦੇ ਹਨ। ਜਦਕਿ ਪਹਿਲਾਂ ਜੇਕਰ ਕਿਸਾਨ ਹਾਈਬ੍ਰਿਡ ਬੀਜ ਦੀ ਫ਼ਸਲ ਬੀਜ ਲੈਂਦਾ ਹੈ ਤਾਂ ਉਸ ਨੂੰ ਅਗਲੀ ਫ਼ਸਲ ਬੀਜਣ ਲਈ ਦੁਬਾਰਾ ਬੀਜ ਖ਼ਰੀਦਣਾ ਪੈਂਦਾ ਹੈ। ਹੁਣ ਅਜਿਹਾ ਨਹੀਂ ਹੋਵੇਗਾ। ਕਿਸਾਨ ਇੱਕ ਹੀ ਬੀਜ ਨੂੰ ਵਾਰ ਵਾਰ ਬੀਜ ਸਕਦੇ ਹਨ। ਇਸ ਨਾਲ ਕਿਸਾਨ ਨੂੰ ਜਿੱਥੇ ਆਰਥਿਕ ਤੌਰ ਤੇ ਫਾਇਦਾ ਹੋਵੇਗਾ ਉੱਥੇ ਉਹ ਨਕਲੀ ਬੀਜ ਕੰਪਨੀਆਂ ਦੇ ਚੁੰਗਲ ਤੋਂ ਵੀ ਛੁਟਕਾਰਾ ਮਿਲੇਗਾ।
ਅਸਲ ਵਿੱਚ ਸੈਂਟਰ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਉਲੌਜੀ ਅਤੇ ਦੋ ਹੋਰ ਦੇਸ਼ਾਂ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਅਨਾਜ ਦੇ ਬੀਜਾਂ ਵਿੱਚ ਇੱਕ ਨਵਾਂ ਜੀਨ ਪਾ ਕੇ ਕਲੋਨਿੰਗ ਬੀਜ ਤਿਆਰ ਕੀਤੇ ਸਨ। ਇਨ੍ਹਾਂ ਬੀਜਾਂ ਦੀ ਇੱਕ ਹੋਰ ਖ਼ਾਸੀਅਤ ਹੈ ਕਿ ਇਸ ਕਲੋਨਿੰਗ ਨੂੰ ਤਿਆਰ ਕਰਨ ਲਈ ਬੀਜਾਂ ਵਿਚਲੇ ਜੀਨਾਂ ਨਾਲ ਹੀ ਛੇੜਛਾੜ ਕੀਤੀ ਗਈ ਹੈ ਜਿਸ ਕਰਕੇ ਬੀਜ ਮਨੁੱਖੀ ਸਰੀਰ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਖੋਜ ਸੰਸਥਾ ਵੱਲੋਂ ਕਲੋਨਿੰਗ ਨਾਲ ਤਿਆਰ ਫ਼ਸਲ ਦੀ ਪ੍ਰਦਰਸ਼ਨੀ ਲਾਈ ਗਈ ਤੇ ਡਾ. ਇਮਰਾਨ ਸਾਦਿਕੀ ਅਨੁਸਾਰ ਇਸ ਨਵੀਂ ਤਕਨੀਕ ਨੂੰ ਅਪੋਮਿਕਸਿਸ ਟੈਕਨੌਲਜੀ ਕਿਹਾ ਜਾਂਦਾ ਹੈ ਤੇ ਇਸ ਨਾਲ ਵਿਕਾਸਸ਼ੀਲ ਮੁਲਕਾਂ ਦੇ ਕਿਸਾਨਾਂ ਨੂੰ ਕਾਫ਼ੀ ਲਾਭ ਪਹੁੰਚੇਗਾ। ਖੋਜ ਸੈਂਟਰ ਦੇ ਡਾਇਰੈਕਟਰ ਡਾ. ਸੀ.ਐਚ. ਮੋਹਨ ਰਾਉ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਇਸ ਵਿਧੀ ਨੂੰ ਅਨਾਜ ਵਾਲੀਆਂ ਫ਼ਸਲਾਂ ਵਿੱਚ ਵਰਤਿਆ ਗਿਆ ਹੈ।
ਇਸ ਨਵੀਂ ਤਕਨੀਕ ਨੂੰ ਲੱਭਣ ਵਾਲੀ ਟੀਮ ਦੇ ਆਗੂ ਡਾ. ਮੋਹਨ ਰਾਓ ਸਮੇਤ ਇਸ ਵਿੱਚ ਸੈਂਟਰ ਦੇ ਡਾ. ਸਦਿਕੀ ਤੋਂ ਇਲਾਵਾ ਫਰਾਂਸ ਦੇ ਰੈਫਲ ਅਤੇ ਅਮਰੀਕਾ ਦੇ ਡਾ. ਸਿਮੋਨ ਚੈਨ ਸਨ। ਇਸ ਖੋਜ ਦੀ ਅਜੇ ਸ਼ੁਰੂਆਤ ਹੋਈ ਹੈ। ਪੂਰੀ ਤਰ੍ਹਾਂ ਵਿਕਸਿਤ ਹੋਣ ਲਈ ਕੁਝ ਸਮਾਂ ਹੋਰ ਲੱਗ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਕਿਸਮਾਂ ਨੂੰ ਤਿਆਰ ਕਰਨ ਲਈ ਹੋਰ ਜੀਨ ਨਹੀਂ ਵਰਤੇ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin