ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਖ਼ਰੀਦ ਏਜੰਸੀ ਐਫਸੀਆਈ ਨੇ ਪਿਛਲੇ ਤਿੰਨ ਦਿਨਾਂ ਤੋਂ ਝੋਨੇ ਦੀ ਖਰੀਦ ਬੰਦ ਕੀਤੀ ਹੋਈ ਹੈ। ਬੰਦ ਪਈ ਖਰੀਦ ਬਾਰੇ ਸਰਕਾਰੀ ਪੱਧਰ ’ਤੇ ਸੁਣਵਾਈ ਨਾ ਹੋਣ ’ਤੇ ਕਿਸਾਨਾਂ ਨੇ ਭਾਕਿਯੂ(ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਮਾਨ-ਬੀਦੋਵਾਲੀ ਤਿੰਨ ਕੋਨੀ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ।
ਧਰਨੇ ’ਤੇ ਬੈਠੇ ਭਾਕਿਯੂ(ਏਕਤਾ ਉਗਰਾਹਾਂ) ਦੀ ਮਾਨ ਇਕਾਈ ਦੇ ਪ੍ਰਧਾਨ ਗੁਰਮੰਦਰ ਸਿੰਘ ਵਾਸੀ ਮਾਨ ਨੇ ਕਿਹਾ ਕਿ ਉਹ 3-4 ਹਫ਼ਤਿਆਂ ਤੋਂ ਖਰੀਦ ਕੇਂਦਰ ਬਾਦਲ ਵਿਖੇ ਖੱਜਲ ਖੁਆਰ ਹੋ ਰਹੇ ਹਨ। ਤਿੰਨ ਦਿਨਾਂ ਤੋਂ ਖਰੀਦ ਬੰਦ ਕਰਕੇ ਏਜੰਸੀ ਨੇ ਉਨ੍ਹਾਂ ਦੇ ਸਾਹ ਸੂਤ ਦਿੱਤੇ ਹਨ। ਭਾਕਿਯੂ ਦੇ ਬਲਾਕ ਸਕੱਤਰ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਖ਼ਰੀਦ ਏਜੰਸੀ ਦੇ ਗੁਦਾਮ ਵਿੱਚ ਝੋਨੇ ਨੂੰ ਸਟੋਰ ਕਰਨ ਲਈ ਜਗ੍ਹਾ ਨਾ ਹੋਣਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਉਜਾਗਰ ਕਰਦਾ ਹੈ।
ਖਰੀਦ ਕਾਰਜਾਂ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਬੰਧੀ ਅਗਾਊਂ ਸਟੋਰੇਜ ਤੇ ਬਾਰਦਾਨੇ ਦੇ ਢੁੱਕਵੇਂ ਇੰਤਜ਼ਾਮ ਨਹੀਂ ਸਨ ਕੀਤੇ ਗਏ ਜਿਸ ਕਰਕੇ ਝੋਨੇ ਦੀ ਆਮਦ ਉਪਰੰਤ ਗੁਦਾਮਾਂ ਵਿੱਚ ਜਗ੍ਹਾ ਨਾ ਬਣ ਸਕੀ ਅਤੇ ਕਿਸਾਨ ਮੰਡੀਆਂ ’ਚ ਰੁਲਣ ਨੂੰ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖਰੀਦ ਪ੍ਰਬੰਧਾਂ ਨੂੰ ਤੇਜ਼ਤਰਾਰ ਬਣਾਉਣ ਲਈ ਹਰ ਸੀਜ਼ਨ ’ਚ ਦੋ-ਤਿੰਨ ਮਹੀਨੇ ਪਹਿਲਾਂ ਉੱਚ ਪੱਧਰ ’ਤੇ ਹੋਮਵਰਕ ਕਰਨਾ ਚਾਹੀਦਾ ਹੈ।ਆੜ੍ਹਤੀ ਨੀਰਜ ਕੁਮਾਰ ਦਾ ਕਹਿਣਾ ਸੀ ਕਿ ਝੋਨੇ ਦੀ ਡੇਢ ਗੁਣਾ ਵੱਧ ਆਮਦ ਅਤੇ ਸਰਕਾਰੀ ਤੰਤਰ ਤੇ ਖਰੀਦ ਏਜੰਸੀਆਂ ’ਚ ਅਗਾਊਂ ਤਾਲਮੇਲ ਦੀ ਥੁੜ ਕਿਸਾਨਾਂ ਅਤੇ ਵਪਾਰੀਆਂ ਲਈ ਕੁਵਖ਼ਤੀ ਬਣ ਰਹੀ ਹੈ।
ਐਫਸੀਆਈ ਦੇ ਏਰੀਆ ਮੈਨੈਜਰ ਰਘੁਨਾਥ ਨੇ ਕਿਹਾ ਕਿ ਗਿੱਦੜਬਾਹਾ ਗੁਦਾਮ ਵਿੱਚ ਜਗ੍ਹਾ ਨਹੀਂ ਰਹੀ ਹੈ ਜਿਸ ਕਰਕੇ ਉਹ ਹੋਰ ਝੋਨਾ ਖ਼ਰੀਦਣ ਤੋਂ ਅਸਮਰੱਥ ਹਨ। ਖਰੀਦ ਕੇਂਦਰ ’ਤੇ ਤਾਇਨਾਤ ਇੰਸਪੈਕਟਰ ਰਾਕੇਸ਼ ਕੁਮਾਰ ਨੇ ਕਿਹਾ ਕਿ ਬਾਰਦਾਨੇ ਦੀ ਘਾਟ ਨਹੀਂ ਹੈ, 50-60 ਹਜ਼ਾਰ ਖਾਲੀ ਬੈਗ ਪਿਆ ਹੈ ਪਰ ਉਨ੍ਹਾਂ ਨੂੰ ਸਟੋਰੇਜ ਲਈ ਗੁਦਾਮਾਂ ਦੀ ਦਿੱਕਤ ਹੈ।
ਮਾਮਲਾ ਮੀਡੀਆ ਰਾਹੀਂ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਣ ’ਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਪ੍ਰਸ਼ਾਸਨ ਨੇ ਖਰੀਦ ਕੇਂਦਰ ਬਾਦਲ ਦੀ ਲਿਫਟਿੰਗ ਨੂੰ ਐਫ਼ਸੀਆਈ ਗੁਦਾਮ ਮਲੋਟ ਨਾਲ ਜੋੜਨ ਦਾ ਐਲਾਨ ਕਰ ਦਿੱਤਾ। ਲੰਬੀ ਦੇ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਨੇ ਮੌਕੇ ’ਤੇ ਖਰੀਦ ਸ਼ੁਰੂ ਕਰਵਾਈ ਅਤੇ ਕਿਸਾਨਾਂ ਨੂੰ ਧਰਨਾ ਖ਼ਤਮ ਕਰਨ ਲਈ ਰਾਜ਼ੀ ਕਰ ਲਿਆ। ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਲੋਟ ਗੁਦਾਮ ਨਾਲ ਲਿੰਕ ਹੋਣ ’ਤੇ ਅੱਜ 20 ਹਜ਼ਾਰ ਬੈਗ ਝੋਨੇ ਦੀ ਖਰੀਦ ਕੀਤੀ ਗਈ।