Punjab News: ਪੰਜਾਬ ਵਿੱਚ ਚੀਨੀ ਵਾਇਰਸ ਨੇ ਕਈ ਥਾਈਂ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਹੈ। ਕਿਸਾਨਾਂ ਨੇ ਪਹਿਲਾਂ ਮਹਿੰਗੀਆਂ ਦਵਾਈਆਂ ਵਰਤੀਆਂ ਪਰ ਕੋਈ ਰਾਹਤ ਨਾ ਮਿਲਣ ਮਗਰੋਂ ਝੋਨੇ ਦੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੋ ਕਈ ਜ਼ਿਲ੍ਹਿਆਂ ਵਿੱਚੋਂ ਖਬਰਾਂ ਆਈਆਂ ਹਨ ਕਿ ਕਿਸਾਨ ਝੋਨੇ ਦੀ ਫਸਲ ਵਾਹੁਣ ਲਈ ਮਜਬੂਰ ਹਨ। ਕਿਸਾਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਸਰਕਾਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਹੀ।
ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਫਤਹਿਗੜ੍ਹ ਦੇ ਪਿੰਡ ਖੇੜੀ ਭਾਈ ਕੀ ਦੇ ਕਿਸਾਨ ਪਵਿੱਤਰ ਸਿੰਘ ਦੀ ਝੋਨੇ ਦੀ ਫ਼ਸਲ ਚੀਨੀ ਬਿਮਾਰੀ ਕਾਰਨ ਨੁਕਸਾਨੀ ਗਈ ਹੈ। ਇਸ ਕਾਰਨ ਕਿਸਾਨ ਵੱਲੋਂ ਆਪਣੀ 10 ਏਕੜ ਝੋਨੇ ਦੀ ਫ਼ਸਲ ਨੂੰ ਵਾਹ ਦਿੱਤਾ ਗਿਆ। ਕਿਸਾਨ ਪਵਿੱਤਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ 10 ਏਕੜ ਜ਼ਮੀਨ ਠੇਕੇ ’ਤੇ ਲਈ ਸੀ, ਜਿਸ ਵਿੱਚ ਝੋਨਾ ਤਿਆਰ ਕਰਨ ਲਈ ਉਸ ਦਾ ਪ੍ਰਤੀ ਏਕੜ 20 ਹਜ਼ਾਰ ਰੁਪਏ ਖਰਚਾ ਹੁਣ ਤੱਕ ਆ ਚੁੱਕਾ ਸੀ ਤੇ ਫ਼ਸਲ ਨੂੰ ਬਿਮਾਰੀ ਤੋਂ ਬਚਾਉਣ ਲਈ 2 ਵਾਰ ਸਪਰੇਅ ਵੀ ਕੀਤੀ ਗਈ ਸੀ, ਪਰ ਕੋਈ ਵਧੀਆ ਨਤੀਜਾ ਸਾਹਮਣੇ ਨਹੀਂ ਆਇਆ।
ਉਸ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੇ ਕਿਸੇ ਵੀ ਅਧਿਕਾਰੀ ਨੇ ਫ਼ਸਲ ਨੂੰ ਲੱਗੀ ਬਿਮਾਰੀ ਬਾਰੇ ਸਾਰ ਨਹੀਂ ਲਈ। ਉਸ ਨੇ ਦੱਸਿਆ ਕਿ ਪਹਿਲਾਂ ਕਣਕ ਦੀ ਫ਼ਸਲ ਸਮੇਂ ਵੀ ਉਸ ਦਾ ਝਾੜਾ ਬਹੁਤ ਘੱਟ ਨਿਕਲਿਆ ਸੀ। ਉਸ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਬਿਮਾਰੀ ਨਾਲ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਉਧਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਵੀ ਕਿਸਾਨਾਂ ਦੀ ਫ਼ਸਲ ਦੀ ਬਿਮਾਰੀ ਸਬੰਧੀ ਜਾਣਕਾਰੀ ਮਿਲਦੀ ਹੈ, ਉੱਥੇ ਵਿਭਾਗ ਦੇ ਅਧਿਕਾਰੀਆਂ ਨੂੰ ਭੇਜ ਕੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਜਾਣਕਾਰੀ ਤੇ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਵੀ ਵਿਭਾਗ ਦੇ ਅਧਿਕਾਰੀ ਗਏ ਸਨ ਤੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ।