Kisan Mela: ਖੇਤੀਬਾੜੀ ਯੂਨੀਵਰਸਿਟੀ 'ਚ ਕਿਸਾਨ ਮੇਲਾ, ਪੰਜ ਅਗਾਂਹਵਧੂ ਕਿਸਾਨਾਂ ਦਾ ਹੋਏਗਾ ਸਨਮਾਨ
ਪੀਏਯੂ ਦਾ ਦੋ ਦਿਨਾਂ ਕਿਸਾਨ ਮੇਲਾ ਅੱਜ ਤੋਂ ਪੀਏਯੂ ਕੈਂਪਸ ਵਿੱਚ ਲਾਇਆ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੇਲੇ ਦਾ ਉਦਘਾਟਨ ਕਰਨਗੇ ਜਦਕਿ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸਮਾਗਮ ਦੀ ਪ੍ਰਧਾਨਗੀ ਕਰਨਗੇ।
Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦਾ ਦੋ ਦਿਨਾਂ ਕਿਸਾਨ ਮੇਲਾ ਅੱਜ ਤੋਂ ਪੀਏਯੂ ਕੈਂਪਸ ਵਿੱਚ ਲਾਇਆ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੇਲੇ ਦਾ ਉਦਘਾਟਨ ਕਰਨਗੇ ਜਦਕਿ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸਮਾਗਮ ਦੀ ਪ੍ਰਧਾਨਗੀ ਕਰਨਗੇ। ਮੇਲੇ ਸਬੰਧੀ ਪੀਏਯੂ ਕੈਂਪਸ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ ਤੇ ਵੱਖ-ਵੱਖ ਵਿਭਾਗਾਂ ਤੇ ਉਦਯੋਗਿਕ ਇਕਾਈਆਂ ਦੇ ਦਰਜਨਾਂ ਸਟਾਲ ਵੀ ਲੱਗ ਗਏ ਹਨ।
ਕਿਸਾਨ ਮੇਲੇ ਦੇ ਪਹਿਲੇ ਦਿਨ ਅੱਜ ਪੰਜ ਅਗਾਂਹਵਧੂ ਕਿਸਾਨਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਜਤਿੰਦਰ ਸਿੰਘ, ਜ਼ਿਲ੍ਹਾ ਫਤਹਿਗੜ੍ਹ ਦੇ ਗੁਰਦੀਪ ਸਿੰਘ ਜ਼ਿਲ੍ਹਾ ਰੂਪਨਗਰ ਦੇ ਜਗਦੀਪ ਸਿੰਘ ਤੇ ਲੁਧਿਆਣਾ ਦੇ ਧਨਦੀਪ ਸਿੰਘ ਅਤੇ ਜ਼ਿਲ੍ਹਾ ਪਟਿਆਲਾ ਦੇ ਸੁਖਦੇਵ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਖੇਤੀ ਮੰਤਰੀ ਧਾਲੀਵਾਲ ਕਿਸਾਨਾਂ ਦਾ ਸਨਮਾਨ ਕਰਨਗੇ
ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਖੇਤੀ ਨੂੰ ਨਵੀਨ ਰਾਹਾਂ ’ਤੇ ਤੋਰਨ ਦੀਆਂ ਤਕਨੀਕਾਂ ਵਿਕਸਤ ਕਰਕੇ ਕਿਸਾਨਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕੀਤੀ ਹੈ। ਮੇਲੇ ਦਾ ਉਦੇਸ਼ ‘ਆਓ ਖੇਤੀਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਰੱਖਿਆ ਗਿਆ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੀਏਯੂ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨ, ਕੁਦਰਤੀ ਸਰੋਤਾਂ ਦੀ ਸੰਭਾਲ ਤੇ ਖੇਤੀ ਲਾਗਤਾਂ ਦੀ ਕੁਸ਼ਲਤਾ ਨੂੰ ਵਧਾਉਣ ਲਈ ਤਕਨੀਕਾਂ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹੈ।
ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਕਿਸਾਨਾਂ ਨੂੰ ਲਾਈਵ ਪ੍ਰਦਰਸ਼ਨਾਂ, ਪ੍ਰਦਰਸ਼ਨੀਆਂ ਤੇ ਤਕਨੀਕੀ ਸੈਸ਼ਨਾਂ ਰਾਹੀਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ। ਮੇਲੇ ਦੀਆਂ ਝਾਕੀਆਂ ਵਿੱਚ ਦੇ ਪੀਐਮਐਚ 14 ਤੇ ਚਰ੍ਹੀ ਦੇ ਐਸਐਲ 46 ਤੇ ਸਜੀਵ ਪ੍ਰਦਰਸ਼ਨ ਸ਼ਾਮਲ ਹੋਣਗੇ।
ਇਸੇ ਤਰ੍ਹਾਂ ਪ੍ਰੋਸੈਸਿੰਗ ਤਕਨਕਾਂ ਰਾਹੀਂ ਕੀਮਤ ਵਧਾਉਣ ਦੇ ਤਰੀਕੇ ਵੀ ਦੱਸੇ ਜਾਣਗੇ। ਇਨ੍ਹਾਂ ਤੋਂ ਇਲਾਵਾ ਡਰਾਇੰਗ ਮੁਕਾਬਲੇ ਵੀ ਹੋਣਗੇ। ਮੇਲੇ ਵਿੱਚ ਖੇਤੀ ਸੰਦਾਂ ਤੋਂ ਇਲਾਵਾ ਮਲਟੀਗ੍ਰੇਨ ਆਟਾ, ਆਚਾਰ, ਫਲ ਸਕੁਐਸ਼, ਫਲਾਂ ਦਾ ਜੂਸ, ਮਲਟੀਗਰੇਨ ਕੁਕੀਜ਼, ਟਮਾਟਰ ਉਤਪਾਦ ਤੇ ਹੋਰ ਵਸਤਾਂ ਖਰੀਦਣ ਲਈ ਉਪਲੱਬਧ ਹੋਣਗੀਆਂ।
ਉਧਰ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਦਿਨਾਂ ਪਸ਼ੂ ਪਾਲਣ ਮੇਲਾ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਮੇਲੇ ਵਿੱਚ ਪੁਰਸ਼ਾਂ, ਔਰਤਾਂ ਤੇ ਬੱਚਿਆਂ ਲਈ ਵਧੀਆ ਪ੍ਰਦਰਸ਼ਨੀ ਹੋਵੇਗੀ ਤੇ ਹਰ ਵਰਗ ਉਮਰ ਵਰਗ ਵਾਸਤੇ ਵੱਖ-ਵੱਖ ਵਸਤੂਆਂ ਤੇ ਨੁਮਾਇਸ਼ਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।