ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਦੇਵ ਸਿੰਘ ਆੜ੍ਹਤੀਏ ਦੀ ਕੋਠੀ ਗਲੀ ਨੰਬਰ ਇੱਕ, ਅਮਨ ਵਿਹਾਰ, ਭਾਦਸੋਂ ਰੋਡ, ਪਟਿਆਲਾ ਵਿੱਲ ਚੱਲ ਰਿਹਾ ਧਰਨਾ 29ਵੇਂ ਦਿਨ ਵੀ ਜਾਰੀ ਹੈ। ਯੂਨੀਅਨ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਐਲਾਨ ਕੀਤਾ ਕਿ ਪਹਿਲਾਂ ਹੀ ਤਹਿਸ਼ੁਦਾ ਪ੍ਰੋਗਰਾਮ ਤਹਿਤ 10 ਨਵੰਬਰ ਤੋਂ ਪੀੜਤ ਕਿਸਾਨ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਉਸ ਉਪਰੰਤ ਵੀ ਜੇਕਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ 16 ਨਵੰਬਰ ਨੂੰ ਆੜ੍ਹਤੀਆਂ ਦੀ ਅਮਨ ਵਿਹਾਰ ਗਲੀ ਨੰਬਰ ਇੱਕ ਭਾਦਸੋਂ ਰੋਡ ਪਟਿਆਲਾ ਸਥਿਤ ਕੋਠੀ 'ਤੇ ਕਬਜ਼ਾ ਕੀਤਾ ਜਾਵੇਗਾ।

ਅੱਜ ਯੂਨੀਅਨ ਦੇ ਆਗੂ ਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਤਹਿਸ਼ੁਦਾ ਪ੍ਰੋਗਰਾਮ ਤਹਿਤ ਭਾਦਸੋਂ ਰੋਡ ਪਟਿਆਲਾ 'ਤੇ ਜਾਮ ਲਾਇਆ ਗਿਆ ਜਿੱਥੇ ਡੀ.ਐਸ.ਪੀ. ਸਿਟੀ-2 ਪ੍ਰਸ਼ੋਤਮ ਸਿੰਘ ਬੱਲ ਪ੍ਰਸ਼ਾਸ਼ਨ ਵੱਲੋ ਪਹੁੰਚੇ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਇਨ੍ਹਾਂ ਕਿਸਾਨਾਂ ਦਾ ਲੈਣ-ਦੇਣ ਹਫਤੇ ਵਿੱਚ ਨਿਬੇੜਿਆ ਜਾਵੇਗਾ।

ਉਨ੍ਹਾਂ ਦੇ ਵਿਸ਼ਵਾਸ਼ ਦਵਾਉਣ ਉਪਰੰਤ ਆੜ੍ਹਤੀਆਂ ਦੀ ਅਰਥੀ ਫੂਕਣ ਉਪਰੰਤ ਦੋ ਘੰਟੇ ਵਿੱਚ ਹੀ ਜਾਮ ਖੋਲ੍ਹ ਦਿੱਤਾ ਗਿਆ ਤਾਂ ਜੋ ਪਬਲਿਕ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਥੇਬੰਦੀ ਵਲੋਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦੀ ਹਾਜਰੀ ਵਿੱਚ ਮੀਟਿੰਗ ਕੀਤੀ ਗਈ।