ਪੜਚੋਲ ਕਰੋ
ਸਹਿਕਾਰੀ ਬੈਂਕਾਂ ਵੱਲੋਂ ਵੱਡੇ ਨੋਟ ਜਮ੍ਹਾਂ ਨਾ ਕਰਨ ਵਿਰੁੱਧ ਕਿਸਾਨਾਂ ਲਾਇਆ ਧਰਨਾ

ਚੰਡੀਗੜ੍ਹ : ਸਹਿਕਾਰੀ ਬੈਂਕਾਂ ਵੱਲੋਂ 500 ਤੇ 1000 ਰੁਪਏ ਦੇ ਪੁਰਾਣੇ ਨੋਟ ਲੈਣ ਤੋਂ ਇਨਕਾਰ ਕਰਨ ਤੇ ਕਿਸਾਨਾਂ ਨੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਫਫੜੇ ਭਾਈਕੇ ਦੇ ਸਹਿਕਾਰੀ ਬੈਂਕ ਅਧਿਕਾਰੀਆਂ ਤੇ ਸਰਕਾਰ ਖ਼ਿਲਾਫ਼ ਬੈਂਕ ਅੱਗੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਸਹਿਕਾਰੀ ਬੈਂਕ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਨੂੰ ਬੈਂਕਾਂ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਤੋਂ ਪੁਰਾਣੇ ਨੋਟ ਨਾ ਲੈਣ ਤੇ ਜਮ੍ਹਾ ਰਾਸ਼ੀ ਕਿਸਾਨਾਂ ਨੂੰ ਨਾ ਦੇਣ ਕਾਰਨ ਕਿਸਾਨਾਂ ਵਿੱਚ ਆਰਥਿਕ ਬੇਚੈਨੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕ ਵੱਲੋਂ ਲੈਣ ਦੇਣ ਨਾ ਕਰਨ ਦੇ ਕਾਰਨ ਕਿਸਾਨ ਬਾਜ਼ਾਰਾਂ ਵਿੱਚੋਂ ਵੱਧ ਰੇਟ ਉਪਰ ਖਾਦ ਬੀਜ ਖਰੀਦਣ ਲਈ ਮਜ਼ਬੂਰ ਹਨ ਤੇ ਨਾਲ ਹੀ ਉਨ੍ਹਾਂ ਨੂੰ ਮਹਿੰਗੇ ਵਿਆਜਾਂ ਦਾ ਸਹਾਰਾ ਲੈ ਕੇ ਪੈਸੇ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ।ਸਭਾ ਦੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਹੱਦ-ਕਰਜ਼ੇ ਦੇ ਹਿਸਾਬ ਨਾਲ ਉਨ੍ਹਾਂ ਦੇ ਹਿੱਸੇ ਦੇ ਬਣਦੇ ਪੈਸੇ ਨਵੀਂ ਕਰੰਸੀ ਦੇ ਰੂਪ ਵਿੱਚ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਰਜ਼ਦਾਰ ਕਿਸਾਨਾਂ ਕੋਲੋਂ ਪੁਰਾਣੀ ਕਰੰਸੀ ਦੇ ਨੋਟ ਆਮ ਬੈਂਕਾਂ ਦੀਆਂ ਤਰ੍ਹਾਂ ਜਮ੍ਹਾਂ ਕਰਵਾਏ ਜਾਣ ਤਾਂ ਜੋ ਕਿਸਾਨਾਂ ਦੀਆਂ ਦੇਣਦਾਰੀਆਂ ਉਪਰ ਲੱਗ ਰਿਹਾ ਵਿਆਜ ਬੰਦ ਹੋ ਸਕੇ ਅਤੇ ਕਿਸਾਨ ਅਗਲਾ ਕਰਜ਼ਾ ਲੈਣ ਦੇ ਪਾਤਰ ਬਣ ਸਕਣ।ਜਥੇਬੰਦੀ ਦੇ ਭੀਖੀ ਬਲਾਕ ਦੇ ਪ੍ਰਧਾਨ ਦਿਲਬਾਗ ਸਿੰਘ ਫਫੜੇ ਨੇ ਮੰਗ ਕੀਤੀ ਕਿ ਜੋ 2005 ਤੋਂ ਪਹਿਲਾਂ ਚਿੱਟੀ ਧਾਰੀ ਵਾਲੇ ਨੋਟ ਅਗਿਆਨਤਾ ਕਾਰਨ ਕਿਸਾਨਾਂ ਕੋਲ ਆ ਚੁੱਕੇ ਹਨ, ਉਨ੍ਹਾਂ ਨੂੰ ਬੈਂਕਾਂ ਵਿੱਚ ਦੁਬਾਰਾ ਜਮ੍ਹਾਂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਹਾੜ੍ਹੀ ਦੀ ਫਸਲ ਪਾਲਣ ਲਈ ਯੂਰੀਆ ਖਾਦ ਸਮੇਤ ਖੇਤੀ ਸਬੰਧੀ ਹੋਰ ਵਸਤਾਂ ਵੀ ਤੁਰੰਤ ਸੁਸਾਇਟੀਆਂ ਵਿੱਚੋਂ ਮੁਹੱਈਆ ਕਰਵਾਈਆਂ ਜਾਣ।ਇਸ ਮੌਕੇ ਕਰਨੈਲ ਸਿੰਘ ਨੰਬਰਦਾਰ, ਬਹਾਦਰ ਸਿੰਘ, ਫੁਲਬਾਗ ਸਿੰਘ ਅਤੇ ਰਮੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















