ਬਗੈਰ ਜ਼ਮੀਨ ਤੋਂ ਖੇਤੀ, ਸ਼ਿਵੇਂਦਰ ਸਿੰਘ ਦਾ ਨਵੀਂ ਤਕਨੀਕ ਦਾ ਕਮਾਲ
ਉਸ ਨੇ ਸਾਲ 2016 ਵਿੱਚ ਦੁਬਈ ਤੇ ਯੂਏਈ ਤੇ ਅਗਲੇ ਸਾਲ ਭਾਰਤ ਵਿੱਚ ਬਿਨਾਂ ਜ਼ਮੀਨ ਦੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ।
ਨਵੀਂ ਦਿੱਲੀ: ਅੱਜ-ਕੱਲ੍ਹ ਕੁਦਰਤੀ ਭਾਵ ਕੀਟਨਾਸ਼ਕ ਮੁਕਤ ਸਬਜ਼ੀਆਂ ਪ੍ਰਤੀ ਲੋਕਾਂ ਦਾ ਝੁਕਾਅ ਖਾਸਾ ਵਧਿਆ ਹੈ। ਸ਼ਹਿਰਾਂ ਦੇ ਲੋਕ ਇਸ ਪਾਸੇ ਵੱਲ ਜ਼ਿਆਦਾ ਆਕਰਸ਼ਿਤ ਹਨ ਪਰ ਜ਼ਮੀਨ ਦੀ ਘਾਟ ਕਾਰਨ ਆਰਗੈਨਿਕ ਚੀਜ਼ਾਂ ਉਗਾਉਣੀਆਂ ਮੁਸ਼ਕਲ ਹੋ ਜਾਂਦੀ ਹਨ। ਹੁਣ ਅਜਿਹੀ ਤਕਨੀਕ ਵਿਕਸਤ ਹੋ ਗਈ ਹੈ, ਜਿਸ ਨਾਲ ਬਿਨਾਂ ਮਿੱਟੀ ਤੋਂ ਵੀ ਆਰਗੈਨਿਕ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ।
ਇਹ ਮਾਅਰਕਾ ਗੁਰੂਗ੍ਰਾਮ ਦੇ ਉੱਦਮੀ ਸ਼ਿਵੇਂਦਰ ਸਿੰਘ ਨੇ ਆਪਣੀ ਬ੍ਰਾਟਨ ਬ੍ਰੀਜ਼ ਕੰਪਨੀ ਨਾਲ ਮਾਰਿਆ ਹੈ। ਉਸ ਨੇ ਸਾਲ 2016 ਵਿੱਚ ਦੁਬਈ ਤੇ ਯੂਏਈ ਤੇ ਅਗਲੇ ਸਾਲ ਭਾਰਤ ਵਿੱਚ ਬਿਨਾਂ ਜ਼ਮੀਨ ਦੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ। ਸ਼ਿਵੇਂਦਰ ਪਾਣੀ ਦੀ ਮਦਦ ਯਾਨੀ ਹਾਈਡ੍ਰੋਫੋਨਿਕਸ ਤਕਨੀਕ ਨਾਲ ਹੀ ਪੌਦਿਆਂ ਨੂੰ ਉਗਾਉਂਦਾ ਹੈ। ਬੂਟੇ ਪਾਣੀ ਤੋਂ ਹੀ ਆਪਣੀ ਖੁਰਾਕ ਲੈਂਦੇ ਹਨ ਤੇ ਘੱਟ ਪਾਣੀ ਵਿੱਚ ਵੀ ਜ਼ਿਆਦਾ ਪੈਦਾਵਾਰ ਹੁੰਦੀ ਹੈ।
ਇਸ ਤਕਨੀਕ ਨਾਲ ਸ਼ਿਵੇਂਦਰ ਦੀ ਕੰਪਨੀ ਸਾਰਾ ਸਾਲ ਬਿਨਾਂ ਰਸਾਇਣ ਜਾਂ ਕੀਟਨਾਸ਼ਕਾਂ ਦੀ ਵਰਤੋਂ ਕਰ ਆਰਗੈਨਿਕ ਸਬਜ਼ੀਆਂ ਮੁਹੱਈਆ ਕਰਵਾਉਂਦੀ ਹੈ। ਕੰਪਨੀ 28 ਤਰ੍ਹਾਂ ਦੀਆਂ ਫ਼ਸਲਾਂ ਦੀ ਕਾਸ਼ਤ ਕਰ ਰਹੀ ਹੈ। ਇਸ ਵਿੱਚ ਖਾਣ ਵਾਲੇ ਫੁੱਲ, ਅੱਠ ਕਿਸਮਾਂ ਦੇ ਬੇਲ ਪੇਪਰ, ਪੱਤੇਦਾਰ ਸਬਜ਼ੀ ਲੈਟੂਸ, ਕਈ ਕਿਸਮਾਂ ਦੇ ਟਮਾਟਰ ਤੇ ਹਰੀਆਂ ਸਬਜ਼ੀਆਂ ਸ਼ਾਮਲ ਹਨ। ਕੰਪਨੀ ਨੇ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਛੇ ਸਵੈਚਾਲੀ ਫਾਰਮ ਲਾਏ ਹਨ। ਇੱਥੋਂ ਪੈਦਾ ਹੋਈਆਂ ਸਬਜ਼ੀਆਂ ਨੂੰ ਕੰਪਨੀ ਸਿੱਧਾ ਆਪਣੇ ਗਾਹਕਾਂ ਨੂੰ ਹੀ ਵੇਚਦੀ ਹੈ ਤਾਂ ਜੋ ਕੀਮਤਾਂ ਕਾਬੂ ਵਿੱਚ ਰਹਿਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490