Monsoon Entered Northeastern Part of Country: ਦੱਖਣ-ਪੱਛਮੀ ਮੌਨਸੂਨ ਬੰਗਾਲ ਦੀ ਖਾੜੀ ਰਾਹੀਂ ਉੱਤਰ-ਪੂਰਬੀ ਭਾਰਤ ਵਿੱਚ ਦਾਖਲ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ 'ਚ ਆਸਾਮ ਅਤੇ ਮੇਘਾਲਿਆ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਉੱਤਰ-ਪੱਛਮੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ, ਉੱਤਰ-ਪੂਰਬ ਦੇ ਕੁਝ ਹਿੱਸਿਆਂ ਅਤੇ ਬੰਗਾਲ ਦੀ ਖਾੜੀ ਦੇ ਪੂਰਬੀ ਮੱਧ ਹਿੱਸਿਆਂ ਵਿੱਚ ਅੱਗੇ ਵਧਿਆ ਹੈ। ਇਸ ਦੇ ਨਾਲ ਹੀ ਇਹ ਮਿਜ਼ੋਰਮ, ਮਨੀਪੁਰ ਅਤੇ ਨਾਗਾਲੈਂਡ ਦੇ ਜ਼ਿਆਦਾਤਰ ਹਿੱਸਿਆਂ ਤੱਕ ਪਹੁੰਚ ਗਿਆ ਹੈ।
ਉੱਥੇ ਹੀ, ਬੁੱਧਵਾਰ ਨੂੰ ਮੌਨਸੂਨ ਕਰਨਾਟਕ ਦੇ ਬੈਂਗਲੁਰੂ, ਚਿਕਮਗਲੂਰ ਅਤੇ ਕਾਰਵਾਰ ਪਹੁੰਚ ਗਿਆ ਸੀ। ਅਰਬ ਸਾਗਰ ਤੋਂ ਭਾਰਤ ਦੇ ਦੱਖਣੀ ਪ੍ਰਾਇਦੀਪ ਵੱਲ ਆਉਣ ਵਾਲੀਆਂ ਮੌਨਸੂਨ ਹਵਾਵਾਂ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਕਰਨਾਟਕ, ਕੇਰਲ, ਮਹੇ ਅਤੇ ਲਕਸ਼ਦੀਪ ਦੇ ਤੱਟਵਰਤੀ ਅਤੇ ਦੱਖਣੀ ਅੰਦਰੂਨੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਕਿਹੜੇ ਸੂਬਿਆਂ ਵਿੱਚ ਪੈ ਰਿਹਾ ਹੈ ਮੀਂਹ?
ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।
ਇਸ ਦੇ ਨਾਲ ਹੀ ਉੱਤਰ-ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਵੱਧ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਰਾਜਸਥਾਨ, ਦੱਖਣੀ ਪੰਜਾਬ ਅਤੇ ਦੱਖਣੀ ਹਰਿਆਣਾ ਵਿੱਚ ਅਗਲੇ ਦੋ ਦਿਨਾਂ ਤੱਕ ਗਰਮ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਕਿਵੇਂ ਦਾ ਰਹੇਗਾ ਇਸ ਸਾਲ ਮੌਨਸੂਨ?
ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਮੌਨਸੂਨ ਆਮ ਵਾਂਗ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ (IMD) ਮੁਤਾਬਕ, ਉੱਤਰ-ਪੂਰਬੀ ਭਾਰਤ ਅਤੇ ਦੱਖਣ-ਪੱਛਮੀ ਪ੍ਰਾਇਦੀਪ ਦੇ ਸਭ ਤੋਂ ਹੇਠਲੇ ਖੇਤਰ ਨੂੰ ਛੱਡ ਕੇ ਇਸ ਵਾਰ ਪੂਰੇ ਦੇਸ਼ ਵਿੱਚ ਮੌਨਸੂਨ ਦੀ ਬਾਰਸ਼ ਦੀ ਵੰਡ ਇੱਕੋ ਜਿਹੀ ਰਹੇਗੀ। ਧਿਆਨ ਯੋਗ ਹੈ ਕਿ ਮੌਸਮ ਵਿਭਾਗ ਨੇ 29 ਮਈ ਨੂੰ ਹੀ ਕੇਰਲ 'ਚ ਮੌਨਸੂਨ ਦੇ ਆਉਣ ਦਾ ਐਲਾਨ ਕੀਤਾ ਹੈ, ਜਦਕਿ ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ।
ਇਹ ਵੀ ਪੜ੍ਹੋ: U19 Women's T20 World Cup: ਪਹਿਲੀ ਵਾਰ ਖੇਡਿਆ ਜਾਵੇਗਾ ਮਹਿਲਾ ਅੰਡਰ-19 T20 ਵਿਸ਼ਵ ਕੱਪ, ਜਾਣੋ ਕਿਹੜੀਆਂ 12 ਟੀਮਾਂ ਨੇ ਕੀਤਾ ਕੁਆਲੀਫਾਈ