ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ ਤਿਆਰ ਕੀਤੀ ਹੈ ਜਿਸ ਤੋਂ ਆਮ ਨਾਲੋਂ 40 ਫੀਸਦੀ ਵੱਧ ਤੇਲ ਨਿਕਲਦਾ ਹੈ। ਇੰਨਾਂ ਹੀ ਨਹੀਂ ਇਸਦਾ ਦਾਣਾ ਮੋਟਾ ਹੋਣ ਕਾਰਨ ਇਸਤੋਂ ਖੱਲ ਵੀ ਵਧੀਆ ਤੇ ਜ਼ਿਆਦਾ ਹੋਵੇਗੀ।
ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸਰ੍ਹੋਂ ਦੀ ਨਵੀਂ ਕਿਸਮ ‘ਆਰ.ਐਚ.725’ ਵਿਕਸਤ ਕੀਤੀ ਹੈ। ਉਪ ਕੁਲਪਤੀ ਡਾ. ਕੇਪੀ ਸਿੰਘ ਨੇ ਦੱਸਿਆ ਕਿ ਇਸ ਨਵੀਂ ਕਿਸਮ ਦੀ ਖੁਸ਼ਕ ਇਲਾਕੇ ’ਚ ਬਿਜਾਈ ਲਾਭਦਾਇਕ ਹੋਵੇਗੀ।

ਭਾਰਤੀ ਕ੍ਰਿਸ਼ੀ ਖੋਜ ਪ੍ਰੀਸ਼ਦ ਦੇ ਸਹਾਇਕ ਡਾਇਰੈਕਟਰ ਡਾ: ਐਸਕੇ ਚਤੁਰਵੇਦੀ ਨੇ ਹਰਿਆਣਾ, ਪੰਜਾਬ, ਜੰਮੂ, ਦਿੱਲੀ ਤੇ ਉੱਤਰੀ ਰਾਜਸਥਾਨ ਲਈ ਇਸ ਨਵੀਂ ਕਿਸਮ ਨੂੰ ਲਾਹੇਵੰਦ ਦੱਸਿਆ। ਡਾ: ਕੇ.ਪੀ. ਸਿੰਘ ਨੇ ਦੱਸਿਆ ਕਿ ‘ਆਰ.ਐਚ.725’ 136-143 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦੀ ਔਸਤ ਪੈਦਾਵਾਰ 25-26 ਕੁਇੰਟਲ ਪ੍ਰਤੀ ਹੈਕਟੇਅਰ ਹੋਵੇਗੀ।

ਉਨ੍ਹਾਂ ਕਿਹਾ ਕਿ ਬਾਕੀਆਂ ਨਾਲੋਂ ਇਸ ਕਿਸਮ ਦਾ ਦਾਣਾ ਮੋਟਾ ਅਤੇ ਇਸ ਵਿੱਚ ਤੇਲ ਦੀ ਮਾਤਰਾ 40 ਫ਼ੀਸਦ ਵੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਡਾ: ਧੀਰਜ, ਡਾ: ਨਰੇਸ਼ ਠੁਕਰਾਲ, ਡਾ: ਰਾਮਅਵਤਾਰ, ਡਾ: ਆਰਕੇ ਸੋਰਾਣ, ਡਾ: ਯਸ਼ਪਾਲ ਯਾਦਵ, ਡਾ: ਪੀਕੇ ਵਰਮਾ, ਡਾ: ਅਸ਼ੋਕ ਛਾਬੜਾ, ਡਾ: ਸ਼ਾਮਚੰਦਰ ਤੇ 6 ਹੋਰ ਵਿਗਿਆਨੀਆਂ ਦੇ ਸਹਿਯੋਗ ਨਾਲ ਸਰ੍ਹੋਂ ਦੀ ਇਹ ਕਿਸਮ ਤਿਆਰ ਕੀਤੀ ਗਈ ਹੈ।