ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਦੇ ਪਿੰਡ ਚੱਪੜਚਿੜੀ ਖੁਰਦ ਦਾ ਕਿਸਾਨ ਜੋਰਾ ਸਿੰਘ ਪੜ੍ਹਿਆ ਲਿਖਿਆ ਹੈ ਤੇ ਸਰਕਾਰ ਦੀਆਂ ਕਈ ਕਿਸਾਨ ਕਮੇਟੀਆਂ ਦਾ ਮੈਂਬਰ ਵੀ ਹੈ। ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਸਰਕਾਰੀ ਫ਼ੈਸਲੇ ‘ਤੇ ਫੁੱਲ ਚੜ੍ਹਾਉਣ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਉਸ ਨੂੰ ਪਰਾਲੀ ਨਾ ਸਾੜਨ ਕਾਰਨ 90 ਹਜ਼ਾਰ ਦਾ ਘਾਟਾ ਝੱਲਣਾ ਪਿਆ ਹੈ। ਅਸਲ ਵਿੱਚ ਜੋਰਾ ਸਿੰਘ ਨੇ 20 ਏਕੜ ਝੋਨੇ ਦੀ ਹੱਥੀਂ ਵਾਢੀ ਕਰਵਾਈ ਹੈ।
ਜੋਰਾ ਸਿੰਘ ਮੁਤਾਬਕ ਉਸ ਦਾ ਹੱਥੀਂ ਵਾਢੀ ਤੇ ਝੋਨੇ ਦੀ ਝੜਾਈ ਦਾ ਪ੍ਰਤੀ ਏਕੜ ਖਰਚਾ 6 ਹਜ਼ਾਰ ਰੁਪਏ ਆਇਆ ਹੈ। ਇਸ ਹਿਸਾਬ ਨਾਲ 20 ਏਕੜ ਦਾ ਉਸ ਦਾ ਕਰੀਬ ਇੱਕ ਲੱਖ ਵੀਹ ਹਜ਼ਾਰ ਰੁਪਏ ਦਾ ਖਰਚਾ ਹੈ। ਜਦਕਿ ਪਹਿਲਾਂ ਉਸ ਦਾ ਕੰਬਾਈਨ ਨਾਲ ਵਾਢੀ ਦਾ 20 ਏਕੜ ਦਾ 30 ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਇਸ ਕਾਰਨ ਇਕੱਲੀ ਵਾਢੀ ਦਾ ਹੀ ਉਸ ਨੂੰ ਕੰਬਾਈਲ ਦੇ ਮੁਕਾਬਲੇ 90 ਹਜ਼ਾਰ ਦਾ ਘਾਟਾ ਝੱਲਣਾ ਪਿਆ ਹੈ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਚੁਕਾਉਣ ਦਾ ਪ੍ਰਤੀ ਏਕੜ ਦਾ ਇੱਕ ਹਜ਼ਾਰ ਰੁਪਏ ਦਾ ਖਰਚਾ ਵੱਖਰਾ ਆਵੇਗਾ।
ਇੰਨਾ ਹੀ ਨਹੀਂ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਜੋਰਾ ਸਿੰਘ ਨੂੰ ਅਗਲੀ ਫਸਲ ਦੀ ਬਿਜਾਈ ਲੇਟ ਹੋਣ ਦਾ ਡਰ ਹੈ। ਉਸ ਨੂੰ ਇੱਕ ਤਾਂ ਸਮੇਂ ਤੇ ਲੇਬਰ ਨਹੀਂ ਮਿਲੀ ਤੇ ਦੂਜਾ ਹਾਲੇ ਵੀ ਉਸ ਦੀ ਖੇਤੀ ਵਿੱਚ ਵਾਢੀ ਦਾ ਕੰਮ ਚੱਲ ਰਿਹਾ ਹੈ। ਉਸ ਦਾ ਕਹਿਣਾ ਹੈ ਕਿ 21 ਨਵੰਬਰ ਤੋਂ ਪਹਿਲਾਂ ਜੇਕਰ ਕਣਕ ਦੀ ਬਿਜਾਈ ਨਹੀਂ ਹੁੰਦੀ ਤਾਂ ਕਣਕ ਦਾ ਝਾੜ ਪ੍ਰਭਾਵਿਤ ਹੋਵੇਗਾ। ਜਦਕਿ ਕੰਬਾਈਨ ਨਾਲ ਵਾਢੀ ਨਾਲ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ ਪਰ ਉਸ ਵਿੱਚ ਝੋਨੇ ਦੀ ਨਾੜ ਦਾ ਕੋਈ ਹੱਲ ਨਹੀਂ ਰਹਿੰਦਾ।
ਜੋਰਾ ਸਿੰਘ ਨੇ ਕਿਹਾ ਕਿ ਹਾਲੇ ਤੱਕ ਜ਼ਿਲ੍ਹੇ ਵਿੱਚ ਕੋਈ ਵੀ ਅਜਿਹੀ ਸਰਕਾਰੀ ਮਸ਼ੀਨ ਨਹੀਂ ਮਿਲੀ ਤੇ ਜੇਕਰ ਮਸ਼ੀਨਾ ਹਨ ਤਾਂ ਕਿਸਾਨਾਂ ਤੱਕ ਕਿਉਂ ਨਹੀਂ ਪਹੁੰਚਦੀਆਂ। ਕੰਬਾਈਨ ਨਾਲ ਵਾਢੀ ਨਾਲ ਬਚੇ ਕਰਚਿਆਂ ਨੂੰ ਅੱਗ ਲਾਉਣ ਜਾਂ ਮਸ਼ੀਨਾਂ ਨਾ ਹੋਣ ਦੇ ਡਰੋਂ ਹੀ ਉਸ ਨੇ ਹੱਥੀਂ ਵਾਢੀ ਕਰਵਾਈ ਸੀ ਪਰ ਹੁਣ ਉਸ ਨੂੰ ਆਪਣੇ ਫ਼ੈਸਲੇ ‘ਤੇ ਅਫ਼ਸੋਸ ਹੋ ਰਿਹਾ ਹੈ।
ਜੋਰਾ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਦਾ ਕੋਈ ਖ਼ਰੀਦਦਾਰੀ ਨਹੀਂ ਮਿਲ ਰਿਹਾ। ਉਸ ਨੂੰ ਆਪਣੀ ਪਰਾਲੀ ਦਾ ਝੋਰਾ ਵੱਢ-ਵੱਢ ਸਤਾ ਰਿਹਾ ਹੈ। ਜੋਰਾ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਪਰਾਲੀ ਖ਼ਰੀਦਣ ਦਾ ਪ੍ਰਬੰਧ ਕੀਤਾ ਜਾਵੇ ਜਾਂ ਉਸ ਨੂੰ ਪ੍ਰਤੀ ਏਕੜ ਖ਼ਰਚੇ ਦਾ ਭੁਗਤਾਨ ਕੀਤਾ ਜਾਵੇ ਤਾਂ ਉਹ ਘਾਟੇ ਤੋਂ ਬਚ ਸਕੇ।
ਇਸ ਅਗਾਹਵਧੂ ਕਿਸਾਨ ਦਾ ਕਹਿਣਾ ਹੈ ਕਿ ਖੇਤੀ ਲਾਗਤਾਂ ਤੇ ਫਸਲ ਦੇ ਮੁੱਲ ਵਿੱਚ ਵੱਡੇ ਫਰਕ ਕਾਰਨ ਖੇਤੀ ਘਾਟੇ ਦਾ ਸੌਦ ਬਣਦੀ ਜਾ ਰਹੀ ਹੈ ਜਿਸ ਕਾਰਨ ਕਿਸਾਨ ਕੋਈ ਵੀਂ ਖੇਤੀ ਉੱਤੇ ਕੋਈ ਨਵਾਂ ਖਰਚਾ ਕਰਨ ਤੋਂ ਡਰਦਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੀਮਤ ਸੂਚਕ ਅੰਗ ਜਾਂ ਸੁਆਮੀਨਾਥਨ ਕਮੇਟੀ ਦੀ ਸਿਫਾਰਸ਼ਾ ਮੁਤਾਬਕ ਫਸਲਾਂ ਦਾ ਭਾਅ ਦੇਵੇ ਤਾਂ ਨਾੜ ਨੂੰ ਅੱਗ ਲਾਉਣ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।