ਚੰਡੀਗੜ੍ਹ: ਜਸਪ੍ਰੀਤ ਸਿੰਘ ਨੂੰ ਨਹੀਂ ਪਤਾ ਸੀ ਕੇ ਬਟਰ ਚਿਕਨ ਵੇਚਣਾ ਉਸ ਨੂੰ ਕਾਲਜ ਦੇ ਹੋਸਟਲ ‘ਚੋਂ ਬਾਹਰ ਕਰ ਦੇਵੇਗਾ ਤੇ ਇਹ ਘਟਨਾ ਉਸ ਦੇ ਜੀਵਨ ਨੂੰ ਨਵੀਂ ਤੇ ਕਾਮਯਾਬ ਰਾਹ ‘ਤੇ ਪਾ ਦੇਵੇਗੀ। ਉਸ ਰਾਹ ‘ਤੇ ਪਏ ਜਸਪ੍ਰੀਤ ਦੀ ਕੰਪਨੀ ‘ਦਰੁਵਾ’ ਨੂੰ 51 ਮਿਲੀਅਨ ਡਾਲਰ (340 ਕਰੋੜ ਰੁਪਏ) ਦੀ ਫੰਡਿੰਗ ਹੋਈ ਹੈ।
ਜਸਪ੍ਰੀਤ ਸਿੰਘ ਗੁਹਾਟੀ ਦੇ ਆਈਆਈਟੀ ‘ਚ ਪੜ੍ਹ ਰਹੇ ਸਨ। ਤੀਜੇ ਸਾਲ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਤਹਿਤ ਜਰਮਨੀ ਜਾਣ ਦਾ ਮੌਕਾ ਮਿਲਿਆ। ਪੜ੍ਹਾਈ ਦੌਰਾਨ ਉਨ੍ਹਾਂ ਨੇ ਆਪਣਾ ਖ਼ਰਚਾ ਪੂਰਾ ਕਰਨ ਲਈ ਪਾਰਟ ਟਾਈਮ ਕੰਮ ਕਰਨਾ ਦਾ ਫ਼ੈਸਲਾ ਕੀਤਾ। ਜਸਪ੍ਰੀਤ ਨੇ ਨੇੜਲੇ ਇਲਾਕੇ ਵਿੱਚ ਬਟਰ ਚਿਕਨ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ।
ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦੇ ਬਟਰ ਚਿਕਨ ਦੇ ਸੁਆਦ ਦੀ ਮਸ਼ਹੂਰੀ ਹੋ ਗਈ। ਬਿਜ਼ਨੈੱਸ ਚੰਗਾ ਤੁਰ ਪਿਆ ਪਰ ਇਸ ਗੱਲ ਤੋਂ ਨਾਰਾਜ਼ ਹੋ ਕੇ ਹੋਸਟਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਮਰਾ ਖ਼ਾਲੀ ਕਰ ਦੇਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਜਸਪ੍ਰੀਤ ਨੂੰ ਕੰਮ ਬੰਦ ਕਰਨਾ ਪਿਆ ਤੇ ਰਹਿਣ ਲਈ ਵੀ ਕਿਤੇ ਹੋਰ ਕਮਰਾ ਲੈਣਾ ਲਿਆ ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਸਪ੍ਰੀਤ ਨੇ ਬਿਜ਼ਨੈੱਸ ਕਰਨ ਦਾ ਆਪਣਾ ਜਜ਼ਬਾ ਵਿਖਾਇਆ।
ਉਨ੍ਹਾਂ ਨੇ ਆਪਣੇ ਦੋ ਪੁਰਾਣੇ ਸਹਿਯੋਗੀਆਂ ਰਮਾਨੀ ਕੋਥਨਧਰਮਾਂ ਤੇ ਮਿਲਿੰਦ ਬੋਰਾਤੇ ਨਾਲ ਰਲਕੇ ਸਾਲ 2007 ਵਿੱਚ ‘ਦਰੁਵਾ’ ਸ਼ੁਰੂ ਕੀਤੀ। ਇਹ ਕੰਪਨੀ ਐਮਰਜੈਂਸੀ ਵੇਲੇ ਦੇ ਪ੍ਰਬੰਧਨ ਦਾ ਕੰਮ ਕਰਦੀ ਸੀ ਪਰ ਕਿਸੇ ਕਾਰਨ ਇਹ ਕੰਪਨੀ ਚੱਲ ਨਾ ਸਕੀ। ਇਸ ਤੋਂ ਨਿਰਉਤਸ਼ਾਹ ਨਾ ਹੁੰਦਿਆਂ ਜਸਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਸਾਂਭਿਆ ਤੇ ਲੈਪਟਾਪ ਬੈਕ-ਅਪ ਕੰਪਨੀ ਸ਼ੁਰੂ ਕੀਤੀ। ਉਨ੍ਹਾਂ ਨੇ ਕੁਝ ਕੰਪਨੀਆਂ ਦਾ ਕੰਮ ਫੜਿਆ, ਮਿਹਨਤ ਕਰਦਿਆਂ ਉਨ੍ਹਾਂ ਨੇ ਕੰਪਿਊਟਰ ਤੇ ਨੈੱਟਵਰਕ ਦੀ ਲੋੜ ਬਣ ਚੁੱਕੇ ਕਲਾਊਡ ਡਾਟਾ ਪ੍ਰੋਟੈਕਸ਼ਨ ਦਾ ਕੰਮ ਫੜ ਲਿਆ। ਅੱਜ ਉਨ੍ਹਾਂ ਦੀ ਕੰਪਨੀ ਵਿੱਚ ਚਾਰ ਸੌ ਕਰਮਚਾਰੀ ਹਨ।
ਉਨ੍ਹਾਂ ਦੀ ਕੰਪਨੀ ਦਰੁਵਾ ਨੂੰ ਸੇਕੁਇਆ ਇੰਡੀਆ, ਸਿੰਗਾਪੁਰ ਦੀ ਈ.ਡੀ.ਬੀ.ਆਈ., ਬਲ਼ੂ ਕਲਾਊਡ ਵੈਂਚਰ ਤੇ ਹਰਕੁਲੀਸ ਕੈਪੀਟਲ ਨੇ ਫੰਡਿੰਗ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਦੀ ਕੰਪਨੀ ਵਿੱਚ ਐਨਐਨਟੀ ਫ਼ਾਇਨਾਂਸ, ਨੈਕਸਸ ਵੈਂਚਰ ਪਾਰਟਨਰਜ਼ ਤੇ ਤੇਨਿਆ ਕੈਪੀਟਲ ਨੇ ਵੀ ਨਿਵੇਸ਼ ਕੀਤਾ ਹੋਇਆ ਹੈ। ਦਰੁਵਾ ਦੇ ਗਾਹਕਾਂ ਵਿੱਚ ਨਾਸਾ, ਮਾਰੀਏਟ ਤੇ ਐਨਬੀਸੀ ਯੂਨੀਵਰਸਲ ਸ਼ਾਮਲ ਹਨ। ਇਸ ਕੰਪਨੀ ਨੂੰ ਹੁਣ ਤੱਕ 118 ਅਮਰੀਕੀ ਡਾਲਰ ਦੀ ਫੰਡਿੰਗ ਹੋ ਚੁੱਕੀ ਹੈ।
ਬਿਜ਼ਨੈੱਸ ਵੱਲ ਆਉਣ ਦੇ ਫ਼ੈਸਲੇ ਬਾਰੇ ਦੱਸਦਿਆਂ ਜਸਪ੍ਰੀਤ ਨੇ ਕਿਹਾ ਕੇ ਉਨ੍ਹਾਂ ਦੇ ਪਰਿਵਾਰ ‘ਚ ਕਿਸੇ ਨੇ ਕਾਰੋਬਾਰ ਨਹੀਂ ਕੀਤਾ। ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਫ਼ੌਜੀ ਹਨ ਜਾਂ ਖੇਤੀ-ਬਾੜੀ ਕਰਦੇ ਹਨ।
ਬਿਜ਼ਨੈੱਸ ਕਰਨ ਬਾਰੇ ਕਦੇ ਸੋਚਿਆ ਹੀ ਨਹੀਂ ਸੀ ਪਰ ਇੱਕ ਸੋਚ ਨੇ ਉਨ੍ਹਾਂ ਦੀ ਰਾਹ ਬਦਲ ਦਿੱਤੀ। ਕਾਮਯਾਬੀ ਦੇ ਮੰਤਰ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੇ ਇਨਸਾਨ ਨੂੰ ਨਾਕਾਮੀ ਨਾਲ ਨਜਿੱਠਣਾ ਆਉਣਾ ਚਾਹੀਦਾ ਹੈ।