ਖੇਤੀਬਾੜੀ ਨਾਲ ਸਬੰਧਤ 50 ਫੀਸਦ ਤੋਂ ਵੱਧ ਪਰਿਵਾਰ ਕਰਜ਼ੇ ਹੇਠ ਦੱਬੇ, ਸਰਵੇਖਣ 'ਚ ਖੁਲਾਸਾ
ਸਰਵੇਖਣ 'ਚ ਕਿਹਾ ਗਿਆ ਕਿ ਉਨ੍ਹਾਂ ਦੇ ਕੁੱਲ ਬਕਾਇਆ ਕਰਜ਼ 'ਚ ਸਿਰਫ਼ 69.6 ਫੀਸਦ ਬੈਂਕ, ਸਹਿਕਾਰੀ ਕਮੇਟੀਆਂ ਤੇ ਸਰਕਾਰੀ ਏਜੰਸੀਆਂ ਜਿਹੇ ਸਰੋਤਾਂ ਤੋਂ ਲਿਆ ਗਿਆ।
NSO Survey: ਦੇਸ਼ 'ਚ ਖੇਤੀਬਾੜੀ ਕਰਨ ਵਾਲੇ ਅੱਧੇ ਤੋਂ ਵੱਧ ਪਰਿਵਾਰ ਕਰਜ਼ੇ ਹੇਠ ਦੱਬੇ ਹਨ। ਐਨਐਸਓ ਦੇ ਇਕ ਸਰਵੇਖਣ ਮੁਤਾਬਕ 2019 'ਚ 50 ਫੀਸਦ ਤੋਂ ਜ਼ਿਆਦਾ ਖੇਤੀਬਾੜੀ ਨਾਲ ਸਬੰਧਤ ਪਰਿਵਾਰ ਕਰਜ਼ੇ 'ਚ ਸਨ ਤੇ ਪ੍ਰਤੀ ਪਰਿਵਾਰ ਔਸਤਨ 74,121 ਰੁਪਏ ਕਰਜ਼ ਸੀ।
ਸਰਵੇਖਣ 'ਚ ਕਿਹਾ ਗਿਆ ਕਿ ਉਨ੍ਹਾਂ ਦੇ ਕੁੱਲ ਬਕਾਇਆ ਕਰਜ਼ 'ਚ ਸਿਰਫ਼ 69.6 ਫੀਸਦ ਬੈਂਕ, ਸਹਿਕਾਰੀ ਕਮੇਟੀਆਂ ਤੇ ਸਰਕਾਰੀ ਏਜੰਸੀਆਂ ਜਿਹੇ ਸਰੋਤਾਂ ਤੋਂ ਲਿਆ ਗਿਆ। ਜਦਕਿ 20.5 ਫੀਸਦ ਕਰਜ਼ ਪੇਸ਼ੇਵਰ ਵਿਆਜ਼ਖੋਰਾਂ ਤੋਂ ਲਏ ਗਏ। ਇਸ ਦੇ ਮੁਤਾਬਕ ਕੁੱਲ ਕਰਜ਼ੇ 'ਚ 57.5 ਫੀਸਦ ਕਰਜ਼ ਖੇਤੀ ਉਦੇਸ਼ ਲਈ ਲਿਆ ਗਿਆ।
ਸਰਵੇਖਣ 'ਚ ਕਿਹਾ ਗਿਆ ਕਿ ਕਰਜ਼ਾ ਲੈਣ ਵਾਲੇ ਖੇਤੀਬਾੜੀ ਪਰਿਵਾਰਾਂ ਦਾ 50.2 ਫੀਸਦ ਹੈ। ਉੱਥੇ ਹੀ ਪ੍ਰਤੀ ਖੇਤੀਬਾੜੀ ਪਰਿਵਾਰ ਬਕਾਇਆ ਕਰਜ਼ ਦੀ ਔਸਤ ਰਕਮ 74,121 ਰੁਪਏ ਹੈ। ਐਨਐਸਓ ਨੇ ਜਨਵਰੀ-ਦਸੰਬਰ 2019 ਦੌਰਾਨ ਦੇਸ਼ ਦੇ ਪੇਂਡੂ ਖੇਤਰਾਂ 'ਚ ਪਰਿਵਾਰਾਂ ਦੀ ਜ਼ਮੀਨ ਤੇ ਪਸ਼ੂਆਂ ਤੋਂ ਇਲਾਵਾ ਖੇਤੀ ਪਰਿਵਾਰਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ।
ਸਰਵੇਖਣ ਦੇ ਮੁਤਾਬਕ ਖੇਤੀਬਾੜੀ ਸਾਲ 2018-19 (ਜੁਲਾਈ-ਜੂਨ) ਦੌਰਾਨ ਪ੍ਰਤੀ ਖੇਤੀ ਪਰਿਵਾਰ ਦੀ ਔਸਤ ਮਹੀਨਾਵਾਰ ਆਮਦਨ 10,218 ਰੁਪਏ ਸੀ। ਇਸ 'ਚ ਮਜਦੂਰੀ ਤੋਂ ਪ੍ਰਾਪਤ ਪ੍ਰਤੀ ਪਰਿਵਾਰ ਔਸਤ ਆਮਦਨ 4,063 ਰੁਪਏ, ਫਸਲ ਉਤਪਾਦਨ ਤੋਂ 3,798 ਰੁਪਏ, ਪਸ਼ੂਪਾਲਨ ਨਾਲ 1,582 ਰੁਪਏ, ਗੈਰ-ਖੇਤੀ 641 ਰੁਪਏ ਆਮਦਨ ਸੀ।
ਸਰਵੇਖਣ 'ਚ ਕਿਹਾ ਗਿਆ ਕਿ ਦੇਸ਼ 'ਚ ਖੇਤੀ ਪਰਿਵਾਰਾਂ ਦੀ ਸੰਖਿਆ 9.3 ਕਰੋੜ ਅੰਦਾਜ਼ਨ ਹੈ। ਇਸ 'ਚ ਹੋਰ ਪਿਛੜੇ ਵਰਗ (ਓਬੀਸੀ) 45.8 ਫੀਸਦ, ਅਨੁਸੂਚਿਤ ਜਾਤੀ 15.9 ਫੀਸਦ, ਅਨੁਸੂਚਿਤ ਜਾਤੀ 14.2 ਫੀਸਦ ਤੇ ਹੋਰ 24.1 ਫੀਸਦ ਹਨ।
ਸਰਵੇਖਣ ਮੁਤਾਬਕ ਪਿੰਡਾਂ 'ਚ ਰਹਿਣ ਵਾਲੇ ਗੈਰ-ਖੇਤੀ ਪਰਿਵਾਰਾਂ ਦੀ ਸੰਖਿਆ 7.93 ਕਰੋੜ ਅੰਦਾਜ਼ਨ ਹੈ। ਇਸ ਤੋਂ ਇਹ ਵੀ ਪਤਾ ਲੱਗਿਆ ਕਿ 83.5 ਫੀਸਦ ਪੇਂਡੂ ਪਰਿਵਾਰਾਂ ਕੋਲ ਇਕ ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਜਦਕਿ ਸਿਰਫ਼ 0.2 ਫੀਸਦ ਦੇ ਕੋਲ 10 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਸੀ।
ਇਸ ਦਰਮਿਆਨ ਇਕ ਹੋਰ ਰਿਪੋਰਟ 'ਚ ਐਨਐਸਓ ਨੇ ਕਿਹਾ ਕਿ 30 ਜੂਨ, 2018 ਦੀ ਸਥਿਤੀ ਦੇ ਮੁਤਾਬਕ ਪੇਂਡੂ ਖੇਤਰਾਂ 'ਚ ਕਰਜ਼ ਲੈਣ ਵਾਲੇ ਪਰਿਵਾਰ ਦਾ 35 ਫੀਸਦ ਸੀ ਜਦਕਿ ਸ਼ਹਿਰੀ ਖੇਤਰ 'ਚ ਇਹ 22.4 ਫੀਸਦ ਸਨ। ਐਨਐਸਓ ਨੇ ਰਾਸ਼ਟਰੀ ਨਮੂਨਾ ਸਰਵੇਖਣ (ਐਨਐਸਐਸ) ਦੇ 77ਵੇਂ ਦੌਰ ਦੇ ਤਹਿਤ ਅਖਿਲ ਭਾਰਤੀ ਕਰਜ਼ ਤੇ ਨਿਵੇਸ਼ 'ਤੇ ਤਾਜ਼ਾ ਸਰਵੇਖਣ ਜਨਵਰੀ-ਦਸੰਬਰ, 2019 ਦੌਰਾਨ ਕੀਤਾ।
ਸਰਵੇਖਣ 'ਚ ਇਹ ਵੀ ਕਿਹਾ ਗਿਆ ਕਿ ਪੇਂਡੂ ਖੇਤਰਾਂ 'ਚ ਕਰਜ਼ਾ ਲੈਣ ਵਾਲੇ ਪਰਿਵਾਰਾਂ 'ਚੋਂ 17.8 ਫੀਸਦ ਪਰਿਵਾਰ ਸੰਸਥਾਗਤ ਏਜੰਸੀਆਂ ਤੋਂ ਜਦਕਿ ਸ਼ਹਿਰੀ ਖੇਤਰਾਂ 'ਚ 14.5 ਫੀਸਦ ਪਰਿਵਾਰ ਸੰਸਥਾਗਤ ਕਰਜ਼ਦਾਤਾਵਾਂ ਤੋਂ ਕਰਜ਼ਾ ਲਈ ਬੈਠੇ ਹਨ।
ਇਸ ਤੋਂ ਇਲਾਵਾ ਗ੍ਰਾਮੀਣ ਭਾਰਤ 'ਚ ਕਰੀਬ 10.2 ਫੀਸਦ ਪਰਿਵਾਰਾਂ ਨੇ ਗੈਰ-ਸੰਸਥਾਗਤ ਏਜੰਸੀਆਂ ਤੋਂ ਕਰਜ਼ਾ ਲਿਆ ਜਦਕਿ ਸ਼ਹਿਰੀ ਭਾਰਤ 'ਚ ਇਹ ਸੰਖਿਆ 4.9 ਫੀਸਦ ਪਰਿਵਾਰ ਸੀ। ਉੱਥੇ ਹੀ ਗ੍ਰਾਮੀਣ ਭਾਰਤ 'ਚ ਸੱਤ ਫੀਸਦ ਪਰਿਵਾਰ ਅਜਿਹੇ ਸਨ ਕਿ ਜਿੰਨ੍ਹਾਂ ਨੇ ਸੰਸਥਾਗਤ ਕਰਜ਼ ਤੇ ਗੈਰ-ਸੰਸਥਾਗਤ ਦੋਵਾਂ ਤਰ੍ਹਾਂ ਦਾ ਕਰਜ਼ ਲਿਆ ਸੀ। ਜਦਕਿ ਸ਼ਹਿਰੀ ਖੇਤਰ 'ਚ ਅਜਿਹੇ ਪਰਿਵਾਰਾਂ ਦੀ ਸੰਖਿਆ ਤਿੰਨ ਫੀਸਦ ਸੀ।