ਪੰਜਾਬ ਦੇ ਕਿਸਾਨਾਂ 'ਤੇ ਵੱਡੀ ਮਾਰ! ਸਰਕਾਰੀ ਅੰਕੜਿਆਂ 'ਚ ਕਣਕ ਦੇ ਝਾੜ ਬਾਰੇ ਹੋਇਆ ਵੱਡਾ ਖੁਲਾਸਾ
ਮਾਰਚ ਮਹੀਨੇ ਇੱਕਦਮ ਗਰਮੀ ਵਧਣ ਨਾਲ ਕਣਕ ਦਾ ਝਾੜ ਕਾਫੀ ਘਟਿਆ ਹੈ। ਇਸ ਦੀ ਪੁਸ਼ਟੀ ਸਰਕਾਰੀ ਸਰਵੇ ਵਿੱਚ ਵੀ ਹੋ ਗਈ ਹੈ। ਉਂਝ ਸਰਕਾਰੀ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਣਕ ਦਾ ਝਾੜ 10 ਫੀਸਦੀ ਦੇ ਕਰੀਬ ਘਟਿਆ ਹੈ।
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਮੌਸਮ ਦੀ ਵੱਡੀ ਮਾਰ ਪਈ ਹੈ। ਮਾਰਚ ਮਹੀਨੇ ਇੱਕਦਮ ਗਰਮੀ ਵਧਣ ਨਾਲ ਕਣਕ ਦਾ ਝਾੜ ਕਾਫੀ ਘਟਿਆ ਹੈ। ਇਸ ਦੀ ਪੁਸ਼ਟੀ ਸਰਕਾਰੀ ਸਰਵੇ ਵਿੱਚ ਵੀ ਹੋ ਗਈ ਹੈ। ਉਂਝ ਸਰਕਾਰੀ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਣਕ ਦਾ ਝਾੜ 10 ਫੀਸਦੀ ਦੇ ਕਰੀਬ ਘਟਿਆ ਹੈ ਪਰ ਕਿਸਾਨ ਜਥੇਬੰਦੀਆਂ ਦੇ ਕਹਿਣਾ ਹੈ ਕਿ ਕਿਸਾਨਾਂ ਨੂੰ 20 ਤੋਂ 30 ਫੀਸਦੀ ਤੱਕ ਰਗੜਾ ਲੱਗਾ ਹੈ। ਇਸ ਲਈ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ।
ਦੱਸ ਦਈਏ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਮਗਰੋਂ ਪੰਜਾਬ ਸਰਕਾਰ ਵੱਲੋਂ ਸੈਂਪਲ ਲੈਣ ਦੀ ਹਦਾਇਤ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਦੇ ਘਟੇ ਝਾੜ ਦੀ ਸਥਿਤੀ ਜਾਣਨ ਲਈ ਖੇਤੀ ਮਹਿਕਮੇ ਦੀ ਕਮੇਟੀ ਬਣਾ ਕੇ ਸਥਿਤੀ ਜਾਣਮ ਦਾ ਹੁਕਮ ਦਿੱਤਾ ਸੀ। ਇਸ ਤਹਿਤ ਪੂਰੇ ਪੰਜਾਬ ਵਿੱਚੋਂ 2200 ਸੈਂਪਲ ਲਏ ਗਏ ਸੀ। ਇਨ੍ਹਾਂ ਸੈਂਪਲਾਂ ਦੇ ਨਿਰੀਖਣ ਮਗਰੋਂ ਕਣਕ ਦੇ ਝਾੜ ਵਿੱਚ 10 ਫ਼ੀਸਦ ਦੀ ਕਮੀ ਹੋਣ ਦੀ ਪੁਸ਼ਟੀ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਪੰਜਾਬ ’ਚ ਐਤਕੀਂ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਸੀ। ਪੰਜਾਬ ਸਰਕਾਰ ਦਾ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਸੀ। ਮਾਰਚ ਮਹੀਨੇ ਵਿੱਚ ਇਕਦਮ ਤਾਪਮਾਨ ’ਚ ਹੋਏ ਵਾਧੇ ਕਾਰਨ ਕਣਕ ਦਾ ਦਾਣਾ ਮੁਕੰਮਲ ਨਹੀਂ ਬਣ ਸਕਿਆ, ਜਿਸ ਕਰਕੇ ਝਾੜ ਵਿੱਚ ਕਮੀ ਆਈ ਹੈ। ਖੇਤੀ ਮਹਿਕਮੇ ਅਨੁਸਾਰ ਪਿਛਲੇ ਸਾਲ ਪ੍ਰਤੀ ਹੈਕਟੇਅਰ ਕਣਕ ਦਾ ਝਾੜ 48.68 ਕੁਇੰਟਲ ਸੀ ਜਦਕਿ ਇਸ ਵਾਰ ਇਹ ਅੰਕੜਾ 43 ਕੁਇੰਟਲ ਹੈ।
ਖੇਤੀ ਮਹਿਕਮੇ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 26 ਲੱਖ ਟਨ ਕਣਕ ਦਾ ਝਾੜ ਘਟਿਆ ਹੈ। ਇਸ ਲਿਹਾਜ਼ ਨਾਲ ਕਿਸਾਨਾਂ ਦਾ ਕਰੀਬ 2500 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਝਾੜ ਵਿੱਚ 20 ਫ਼ੀਸਦ ਕਟੌਤੀ ਹੋਈ ਹੈ, ਜਿਸ ਤਹਿਤ 5,239 ਕਰੋੜ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ 314 ਕਰੋੜ ਦੇ ਟੈਕਸਾਂ ਦੀ ਸੱਟ ਵੱਜਣ ਦਾ ਅਨੁਮਾਨ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ।