ਚੰਡੀਗੜ੍ਹ: ਸਿਆਸੀ ਆਗੂ ਝੋਨੇ ਦੀ ਖਰੀਦ ਤਾਂ ਸ਼ੁਰੂ ਕਰਵਾ ਦਿੰਦੇ ਹਨ ਪਰ ਮੰਗਰੋਂ ਕਿਸਾਨਾਂ ਨੂੰ ਕੋਈ ਨਹੀਂ ਪੁੱਛਦਾ। ਅਜਿਹੀ ਹੀ ਹਾਲਤ ਬਣੀ ਹੈ ਪਟਿਆਲਾ ਦੇ ਸਰਹੰਦੀ ਮੰਡੀਆਂ ਦੀ ਹੈ ਜਿੱਥੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਪਹਿਲੀ ਅਕਤੂਬਰ ਨੂੰ ਖਰੀਦ ਸ਼ੁਰੂ ਕਰਵਾਈ ਗਈ ਸੀ, ਪਰ ਉੱਥੇ ਵੀ ਮੁਕੰਮਲ ਖਰੀਦ ਸ਼ੁਰੂ ਨਾ ਹੋ ਸਕੀ, ਜਿਸ ਕਰਕੇ ਅੱਜ ਤੀਜੇ ਦਿਨ ਇਸ ਮੰਡੀ ਵਿਚ ਦਰਜਨਾਂ ਹੀ ਹੋਰ ਢੇਰੀਆਂ ਲੱਗ ਗਈਆਂ। ਬੋਲੀ ਨਾ ਲੱਗਣ ਦਾ ਮੁੱਖ ਕਾਰਨ ਬਾਰਦਾਨੇ ਦੀ ਤੋਟ ਕਿਹਾ ਜਾ ਰਿਹਾ ਸੀ।


ਝੋਨੇ ਦੀ ਸਰਕਾਰੀ ਖਰੀਦ ਭਾਵੇਂ ਕਿ ਪਹਿਲੀ ਅਕਤੂਬਰ ਤੋਂ ਹੀ ਸ਼ੁਰੂ ਹੋ ਗਈ ਸੀ, ਪਰ ਇਸ ਦੇ ਬਾਵਜੂਦ ਪਟਿਆਲਾ ਦੀ ਸਰਹੰਦ ਰੋਡ ਅਨਾਜ ਮੰਡੀ ਸਮੇਤ ਕੁਝ ਹੋਰ ਮੰਡੀਆਂ ਵਿੱਚ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ।
ਸਰਕਾਰ ਦੇ ਐਲਾਨ ਮਗਰੋਂ ਕਈ ਕਿਸਾਨ ਪਹਿਲੀ ਅਕਤੂਬਰ ਨੂੰ ਫਸਲ ਲੈ ਕੇ ਮੰਡੀ ਵਿਚ ਪੁੱਜ ਗਏ ਸਨ, ਪਰ ਖਰੀਦ ਸ਼ੁਰੂ ਨਾ ਹੋਣ ਕਰਕੇ ਉਹ ਇੱਥੇ ਆ ਕੇ ਫਸ ਹੀ ਗਏ ਤੇ ਪਹਿਲੀਆਂ ਦੋ ਰਾਤਾਂ ਵੀ ਮੰਡੀ ਵਿੱਚ ਹੀ ਬੀਤੀਆਂ।

ਮਾਰਕਿਟ ਕਮੇਟੀ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ ਦੇ ਯਤਨਾਂ ਸਦਕਾ ਆਥਣ ਵੇਲੇ ਖਰੀਦ ਸ਼ੁਰੂ ਤਾਂ ਹੋ ਗਈ ਸੀ, ਪਰ ਫਿਰ ਵੀ ਇਹ ਪ੍ਰਕਿਰਿਆ ਸੀਮਤ ਹੀ ਰਹੀ, ਜਿਸ ਕਰਕੇ ਅੱਜ ਫੇਰ ਦਰਜਨਾਂ ਹੀ ਕਿਸਾਨ ਮੰਡੀ ਵਿਚ ਰਾਤ ਕੱਟਣ ਲਈ ਹੀ ਮਜਬੂਰ ਰਹੇ।

ਫਤਹਿਪੁਰ ਪਿੰਡ ਦੇ ਕਿਸਾਨ ਯਾਦਵਿੰਦਰ ਸਿੰਘ 200 ਕਵਿੰਟਲ ਝੋਨਾ ਲੈ ਕੇ ਪਹਿਲੀ ਤਾਰੀਖ਼ ਨੂੰ ਮੰਡੀ ਪੁੱਜ ਗਿਆ ਸੀ। ਆਕੜੀ ਪਿੰਡ ਦੇ ਕਿਸਾਨ ਕਿਰਪਾਲ ਸਿੰਘ 65 ਕਵਿੰਟਲ ਝੋਨੇ ਸਮੇਤ ਕੱਲ ਤੋਂ ਬੈਠਾ ਹੈ। ਸੈਣੀਮਾਜਰਾ ਦਾ ਨੰਦ ਸਿੰਘ 40 ਕਵਿੰਟਲ ਝੋਨਾ ਲੈ ਕੇ ਬੈਠਾ ਹੈ। ਕਸਿਆਣਾ ਦੇ ਤਰਸਮੇ ਸਿੰਘ ਦਾ ਵੀ 150 ਕਵਿੰਟਲ ਝੋਨਾ ਕੱਲ ਤੋਂ ਮੰਡੀ ਵਿੱਚ ਪਿਆ ਹੈ। ਕਈ ਹੋਰਨਾਂ ਦਾ ਵੀ ਇਹੋ ਹਾਲ ਹੈ। ਕਈ ਕਿਸਾਨਾਂ ਦਾ ਕਹਿਣਾ ਸੀ ਕਿ ਬੋਲੀ ਲੱਗਣੀ ਤਾਂ ਦੂਰ ਰਹੀ, ਉਨ੍ਹਾਂ ਦੀ ਫਸਲ ਵਿੱਚ ਤਾਂ ਸਫ਼ਾਈ ਵਾਸਤੇ ਕਿਸੇ ਮਜ਼ਦੂਰ ਨੇ ਝਾਰਾ ਜਾਂ ਪੱਖਾ ਵੀ ਨਹੀਂ ਲਾਇਆ।

ਇਸੇ ਦੌਰਾਨ ਤਿੰਨ ਦਿਨਾਂ ਤੋਂ ਬੋਲੀ ਨਾ ਲੱਗਣ ਤੋਂ ਖ਼ਫ਼ਾ ਇੱਥੇ ਆੜ੍ਹਤੀਆਂ ਵੱਲੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਅਗਵਾਈ ਹੇਠਾਂ ਪ੍ਰਦਰਸ਼ਨ ਵੀ ਕੀਤਾ ਗਿਆ। ਸ਼ੇਰੂ ਦਾ ਕਹਿਣਾ ਸੀ ਕਿ ਜੇਕਰ ਪਹਿਲੇ ਦਿਨ ਤੋਂ ਇਹ ਹਾਲ ਹੈ ਤਾਂ ਅੱਗੇ ਜਾ ਕੇ ਕੀ ਹੋਵੇਗਾ। ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ ਨੇ ਕੈਬਨਿਟ ਮੰਤਰੀ ਵੱਲੋਂ ਖਰੀਦ ਸ਼ੁਰੂ ਕਰਵਾਓਣ ਦੀ ਕਾਰਵਾਈ ਨੂੰ ‘ਫੋਟੋ ਸੈਸ਼ਨ’ ਗਰਦਾਨਿਆ।

ਉੱਧਰ ਦੇਰ ਸ਼ਾਮੀ ਜਦੋਂ ਮਾਰਕਿਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਨਰਦੇਵ ਸਿੰਘ ਆਕੜੀ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 4 ਤਾਰੀਖ਼ ਨੂੰ ਮੰਡੀ ਵਿਚ ਇੱਕ ਵੀ ਢੇਰੀ ਬਿਨਾਂ ਬੋਲੀ ਤੋਂ ਨਹੀਂ ਰਹੇਗੀ।