ਚੰਡੀਗੜ੍ਹ : ਆਪਣੀ ਮੰਗਾਂ ਨੂੰ ਲੈਕੇ ਸ਼ੈਲਰ ਮਾਲਕਾਂ ਵੱਲੋਂ ਕੀਤੀ ਹੜਤਾਲ ਕਾਰਨ ਮੰਡੀਆਂ ਵਿੱਚ ਝੋਨਾ ਰੱਖਣ ਦੀ ਥਾਂ ਨਹੀਂ ਬਚੀ ਹੈ। ਹੜਤਾਲ ਕਾਰਨ ਏਜੰਸੀਆਂ ਵੱਲੋਂ ਖਰੀਦਿਆਂ ਝੋਨਾ ਦੀ ਲਿਫਟਿੰਗ ਨਹੀਂ ਹੋ ਰਹੀ ਹੈ ਜਿਸ ਨਾਲ ਮੰਡੀਆਂ ਵਿੱਚ ਝੋਨਾ ਸੁੱਟਣ ਦੀ ਥਾਂ ਨਹੀਂ ਹੈ ਤੇ ਝੋਨਾ ਖਰੀਦ ਵੀ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵੀ ਵੱਧ ਗਈ ਹੈ। ਖ਼ਰਾਬ ਮੌਸਮ ਕਾਰਨ ਜਿਣਸ ਵਿੱਚ ਨਮੀ ਵੱਧ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ 17 ਫ਼ੀਸਦੀ ਤਕ ਨਮੀ ਵਾਲਾ ਝੋਨਾ ਖ਼ਰੀਦਣ ਦੀਆਂ ਹਦਾਇਤਾਂ ਹਨ ਪਰ ਮੰਡੀਆਂ ਵਿੱਚ ਵੀਹ ਫ਼ੀਸਦ ਤੋਂ ਵੱਧ ਨਮੀ ਵਾਲਾ ਝੋਨਾ ਆ ਰਿਹਾ ਹੈ।
ਸ਼ੈੱਲਰ ਮਾਲਕ ਅਜੇ ਵੀ ਸਰਕਾਰ ਨਾਲ ਨਾਰਾਜ਼ ਹਨ ਅਤੇ ਉਨ੍ਹਾਂ ਦਾ ਝੋਨੇ ਦੀ ਖ਼ਰੀਦ ਦਾ ਬਾਈਕਾਟ ਜਾਰੀ ਹੈ। ਪੰਜਾਬ ਸ਼ੈੱਲਰ ਐਸੋਸੀੲੈਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਸਰਕਾਰ ’ਤੇ ਦਬਾਅ ਬਣਾਉਣ ਤੇ ਸੰਘਰਸ਼ ਦੀ ਰਣਨੀਤੀ ਘੜਨ ਵਾਸਤੇ 5 ਅਕਤੂਬਰ ਨੂੰ ਕਾਰਜਕਾਰਨੀ ਦੀ ਮੀਟੰਗ ਸੱਦ ਲਈ ਹੈ।
ਸੂਬੇ ਦੀਆਂ ਮੰਡੀਆਂ ਵਿੱਚ 2.54 ਲੱਖ ਮੀਟਰਕ ਟਨ ਝੋਨਾ ਆ ਚੁੱਕਾ ਹੈ ਅਤੇ ਇਸ ’ਚੋਂ ਅੱਜ 54 ਹਜ਼ਾਰ ਮੀਟਰਕ ਟਨ ਦੀ ਖ਼ਰੀਦ ਹੋਈ ਹੈ। ਇਸ ਵਾਰ ਵੀ ਜਿਣਸ ਦੀ ਲਦਾਈ ਦਾ ਕੰਮ ਆੜ੍ਹਤੀਆਂ ਕੋਲ ਹੈ ਜਦੋਂ ਕਿ ਲੁਹਾਈ ਦਾ ਕੰਮ ਠੇਕੇ ’ਤੇ ਹੈ।
ਕੀ ਹੈ ਮਾਮਲਾ:
ਪੰਜਾਬ ਭਰ ਦੇ ਸ਼ੈਲਰ ਮਾਲਕਾਂ ਦਾ ਬਾਰਦਾਨੇ ਸਬੰਧੀ 1100 ਕਰੋੜ ਰੁਪਇਆ ਭਾਵੇਂ ਕਿ ਐਫ.ਸੀ.ਆਈ. ਵੱਲ ਰਹਿੰਦਾ ਸੀ, ਪਰ ਐਫ.ਸੀ.ਆਈ ਵੱਲੋਂ ਇਸ ਦੀ ਰਾਜ ਸਰਕਾਰ ਨੂੰ ਅਦਾਇਗੀ ਕਰ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਹ ਬਕਾਏ ਚੁਕਤਾ ਨਹੀਂ ਕੀਤੇ ਜਾ ਰਹੇ।
ਇਸ ਤੋਂ ਇਲਾਵਾ ਪਨਗਰੇਨ ਵੱਲੋਂ ਤਾਂ ਟਰਾਂਸਪੋਰਟੇਸ਼ਨ ਦਾ ਕਰੋੜਾਂ ਦਾ ਬਕਾਇਆ ਵੀ ਨਹੀਂ ਦਿੱਤਾ। ਲੇਵੀ ਦੇ ਪੈਸੇ ਵੀ ਉਨ੍ਹਾਂ ‘ਤੇ ਜਬਰਦਸਤੀ ਪਾਏ ਜਾ ਰਹੇ ਹਨ ਤੇ ਮਿਲਿੰਗ ਸਬੰਧੀ ਮਿਲਣ ਵਾਲੇ 10 ਰੁਪਏ ਵੀ ਬੰਦ ਕਰ ਦਿੱਤੇ ਗਏ ਹਨ। ਜਿਸ ਕਰਕੇ ਪੰਜਾਬ ਦੇ ਤਿੰਨ ਹਜ਼ਾਰ ਸ਼ੈਲਰ ਬੰਦ ਹੋਣ ਕਿਨਾਰੇ ਹਨ।