ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਆਕਸੀਜਨ ਰਹਿਤ ਖੂਹ ਵਿੱਚ ਗਾਲ ਕੇ ਬਾਇਓ ਗੈਸ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਸ ਵਿਧੀ ਰਾਹੀਂ ਬਹੁਤ ਹੀ ਘੱਟ ਮਿਹਨਤ ਨਾਲ ਪਰਾਲੀ ਤੋਂ ਵੱਡੀ ਮਾਤਰਾ ਵਿੱਚ ਗੈਸ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਗੈਸ ਲਗਾਤਾਰ 3-4 ਮਹੀਨੇ ਪ੍ਰਾਪਤ ਹੁੰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਗੈਸ ਪ੍ਰਾਪਤ ਹੋਣ ਤੋਂ ਬਾਅਦ ਪਲਾਂਟ ਤੋਂ ਜੋ ਸਲੱਰੀ ਨਿਕਲਦੀ ਹੈ ਉਹ ਖੇਤਾਂ ਵਿੱਚ ਖਾਦ ਦੇ ਤੌਰ 'ਤੇ ਵਰਤੀ ਜਾ ਸਕਦੀ ਹੈ ਅਤੇ ਇਸ ਨੂੰ ਖੇਤਾਂ ਤੱਕ ਲੈ ਜਾਣ ਲਈ ਵੀ ਕੋਈ ਮੁਸ਼ਕਲ ਨਹੀਂ ਆਉਂਦੀ।
ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੇ ਮੁੱਖ ਰੂਪ ਵਿੱਚ ਦੋ ਹਿੱਸੇ (ਡਾਈਜੈਸਟਰ ਅਤੇ ਗੈਸ ਹੋਲਡਰ) ਹੁੰਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਜਮੀਨ ਦੇ ਅੰਦਰ 10X10 ਦਾ ਖੂਹ ਪੁੱਟ ਕੇ ਡਾਈਜੈਸਟਰ ਦੀ ਇੱਟਾਂ ਤੇ ਸੀਮਿੰਟ ਨਾਲ ਚਿਣਾਈ ਕੀਤੀ ਜਾਂਦੀ ਹੈ ਅਤੇ ਇਸ ਦੇ ਬਿਲਕੁੱਲ ਉਪਰ ਗੁੰਬਦ ਦਾ ਮੂੰਹ ਬੰਦ ਕਰਨ ਵਾਸਤੇ ਤਕਰੀਬਨ 3 ਫੁੱਟ ਘੇਰੇ ਦਾ ਲੋਹੇ ਦਾ ਢੱਕਣ ਫਿਟ ਕੀਤਾ ਜਾਂਦਾ ਹੈ ਜੋ ਕਿ ਲੋੜ ਮੁਤਾਬਕ ਖੋਲਿਆ ਤੇ ਬੰਦ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਲੋਹੇ ਦੇ ਇਸ ਢੱਕਣ ਵਿੱਚ ਹੀ ਗੈਸ ਨਿਕਲਣ ਵਾਸਤੇ ਲੋਹੇ ਦੀ ਪਾਈਪ ਫਿੱਟ ਕੀਤੀ ਜਾਂਦੀ ਹੈ ਅਤੇ ਡਾਈਜੈਸਟਰ ਦੇ ਇੱਕ ਪਾਸੇ ਪਾਣੀ ਭਰਨ ਲਈ ਲੋਹੇ ਦੀ ਪਾਈਪ ਡਾਈਜੈਸਟਰ ਦੇ ਫਰਸ਼ ਦੇ ਬਰਾਬਰ ਫਿੱਟ ਕੀਤੀ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਬਾਇਓ ਗੈਸ ਪਲਾਂਟ ਨੂੰ 16 ਕੁਇੰਟਲ ਪਰਾਲੀ ਅਤੇ 4 ਕੁਇੰਟਲ ਗੋਬਰ ਨਾਲ ਭਰਿਆ ਜਾਂਦਾ ਹੈ ਅਤੇ ਪਲਾਂਟ ਵਿੱਚੋਂ ਤਕਰੀਬਨ 7 ਤੋਂ 10 ਦਿਨਾਂ ਦੇ ਵਿੱਚ ਬਾਇਓ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਇਓ ਗੈਸ ਪਲਾਂਟ ਤੋਂ ਤਕਰੀਬਨ 3 ਤੋਂ 4 ਐਲ.ਪੀ.ਜੀ. ਸਿਲੰਡਰ ਪ੍ਰਤੀ ਮਹੀਨਾ ਦੇ ਬਰਾਬਰ ਗੈਸ ਪੈਦਾ ਹੁੰਦੀ ਹੈ।