ਜਲੰਧਰ: ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ, ਸਤਲੁਜ ਦਰਿਆ ਵਿੱਚ ਪਾਣੀ ਦਦਾ ਪੱਧਰ ਘੱਟ ਰਿਹਾ ਹੈ, ਪਰ ਪਿੰਡਾਂ ਵਿੱਚ ਖੜ੍ਹੇ ਹੜ੍ਹਾਂ ਦਾ ਪਾਣੀ ਘਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸ ਕਾਰਨ ਪਰ ਲੋਕਾਂ ਦੀਆਂ ਮੁਸੀਬਤਾਂ ਵਿੱਚ ਵੱਡਾ ਵਾਧਾ ਹੋ ਰਿਹਾ ਹੈ।


ਹੜ੍ਹ ਦੌਰਾਨ ਲੋਕ ਭੁੱਖ ਤੇ ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਤਾਂ ਹਨ ਹੀ, ਪਰ ਹੁਣ ਲੋਕਾਂ ਨੂੰ ਹੋਰਨਾਂ ਮੁਸ਼ਕਿਲਾਂ ਨੇ ਘੇਰ ਲਿਆ ਹੈ। ਹੜ੍ਹਾਂ ਦੇ ਪਾਣੀ ਵਿੱਚ ਘਿਰੇ ਹੋਏ ਪਿੰਡ ਹਨ, ਉਨ੍ਹਾਂ ਵਿਚ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਆ ਰਹੀ ਹੈ। ਹੜ੍ਹ ਦੇ ਪਾਣੀ ਕਾਰਨ ਖੇਤਾਂ ਟਿਊਬਵੈੱਲਾਂ ਅਤੇ ਘਰਾਂ ਵਿੱਚ ਲੱਗੀਆਂ ਮੋਟਰਾਂ ਦੇ ਬੋਰਾਂ ਵਿੱਚ ਪਾਣੀ ਚਲਾ ਗਿਆ ਹੈ। ਹੜ੍ਹ ਪ੍ਰਭਾਵਿਤ ਪਿੰਡਾਂ ’ਚ ਬਿਜਲੀ ਸਪਲਾਈ ਠੱਪ ਪਈ ਹੈ। ਬਿਜਲੀ ਦੀਆਂ ਤਾਰਾਂ ਤੇ ਟਰਾਂਸਫਾਰਮਰਾਂ ਨੂੰ ਮੁਰੰਮਤ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ।

ਖੜ੍ਹੇ ਪਾਣੀ ਕਾਰਨ ਪਿੰਡਾਂ ਵਿਚ ਮੱਛਰ ਵਧ ਗਿਆ ਹੈ ਤੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਵੀ ਖ਼ਤਰਾ ਪੈਦਾ ਹੋ ਗਿਆ ਹੈ। ਪਾਣੀ ਆਉਣ ਸਮੇਂ ਜਿਹੜੇ ਪਿੰਡਾਂ ਵਿਚ ਲੋਕ ਆਪਣੇ ਪਸ਼ੂ ਨਹੀਂ ਸਨ ਖੋਲ੍ਹ ਸਕੇ, ਉਨ੍ਹਾਂ ਦੇ ਮਰੇ ਹੋਏ ਪਸ਼ੂਆਂ ਕਾਰਨ ਬਦਬੋ ਆਉਣ ਲੱਗ ਪਈ ਹੈ। ਹੜ੍ਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੇ ਸੜਨ, ਪੰਛੀਆਂ ਅਤੇ ਜਾਨਵਰਾਂ ਦੇ ਵੱਡੀ ਗਿਣਤੀ ਵਿਚ ਮਰੇ ਹੋਣ ਕਾਰਨ ਆਲੇ-ਦੁਆਲੇ ਬਦਬੋ ਫੈਲਣ ਲੱਗ ਪਈ ਹੈ।

ਲੋਕਾਂ ਨੂੰ ਬੁਖਾਰ, ਐਲਰਜੀ, ਡਾਇਰੀਆ ਅਤੇ ਹੋਰ ਬਿਮਾਰੀਆਂ ਘੇਰ ਰਹੀਆਂ ਹਨ। ਲੋਕ ਲੰਗਰ ਦੇ ਨਾਲ ਨਾਲ ਦਵਾਈਆਂ ਦੀ ਵੀ ਮੰਗ ਕਰ ਰਹੇ ਹਨ। ਪਾਣੀ ਘਟਣ ਦੇ ਨਾਲ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਲੋਕ ਡੰਗਰਾਂ ਲਈ ਤੂੜੀ ਅਤੇ ਚਾਰਾ ਲੈ ਕੇ ਜਾ ਰਹੇ ਹਨ। ਹੜ੍ਹ ਦੌਰਾਨ ਲੋਕ ਆਪਣੇ ਗੁਆਚੇ ਪਸ਼ੂਆਂ ਨੂੰ ਵੀ ਲੱਭਣ ’ਚ ਲੱਗੇ ਹੋਏ ਹਨ। ਪਸ਼ੂਆਂ ਨੂੰ ਆਪਣੇ ਘਰਾਂ ’ਚ ਬੰਨ੍ਹਣ ਦੀ ਥਾਂ ਨਾ ਹੋਣ ਕਾਰਨ ਵੀ ਲੋਕ ਪ੍ਰੇਸ਼ਾਨ ਹਨ।