ਚੰਡੀਗੜ੍ਹ: ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਕਿਸਾਨਾਂ ਨਾਲ ਮਾਰਕੁੱਟ ਤੇ ਉਨ੍ਹਾਂ ਨੂੰ ਅਰਧ ਨੰਗੀ ਅਵਸਥਾ ਵਿੱਚ ਥਾਣੇ ਰੱਖਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਹੰਗਾਮਾ ਵਧਣ ਬਾਅਦ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਡੀਜੀਪੀ ਨੇ ਤਿੰਨ ਦਿਨ ਵਿੱਚ ਜਾਂਚ ਰਿਪੋਰਟ ਦੀ ਗੱਲ ਕਹੀ ਹੈ। ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਥਾਣੇ ਵਿੱਚ ਮਾਰਕੁੱਟ ਦੀ ਗੱਲ ਤਾਂ ਸਾਹਮਣੇ ਨਹੀਂ ਆਈ ਪਰ ਕੱਪੜੇ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਂਚ ਕਰਾਈ ਜਾ ਰਹੀ ਹੈ।

ਕੀ ਹੈ ਮਾਮਲਾ

ਮੰਗਲਵਾਰ ਨੂੰ ਕਾਂਗਰਸ ਦੀ ਖੇਤ ਬਚਾਓ, ਕਿਸਾਨ ਬਚਾਓ ਰੈਲੀ ਵਿੱਚ ਹਿੱਸਾ ਲੈਣ ਨੇੜੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਟੀਕਮਗੜ੍ਹ ਪਹੁੰਚੇ ਸਨ। ਉਹ ਕਲੈਕਟਰ ਨੂੰ ਮੰਗ ਪੱਤਰ ਸੌਂਪਣ ਦੀ ਮੰਗ ਕਰ ਰਹੇ ਸਨ। ਇਸ ਵਿੱਚ ਪੁਲਿਸ ਨੇ ਉਨ੍ਹਾਂ ਉੱਤੇ ਲਾਠੀਚਾਰਜ ਕਰ ਦਿੱਤਾ। ਜਦੋਂ ਉਹ ਵਾਪਸ ਜਾ ਰਹੇ ਸੀ ਤਾਂ ਦਿਹਾਤ ਥਾਣਾ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਅਰਧ ਨੰਗੀ ਅਵਸਥਾ ਵਿੱਚ ਕੁੱਟਿਆ। ਪੁਲਿਸ ਨੇ 1000 ਅਣਪਛਾਤੇ ਲੋਕਾਂ ਖ਼ਿਲਾਫ਼ ਅਸ਼ਾਂਤੀ ਫੈਲਾਉਣ ਦਾ ਮਾਮਲਾ ਦਰਦ ਕੀਤਾ ਹੈ।

ਪ੍ਰਸ਼ਾਸਨ ਦੀ ਚਾਰੇ ਪਾਸੇ ਨਿੰਦਾ

ਕਿਸਾਨਾਂ ਦੀ ਤਸਵੀਰਾਂ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਕਰੜੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਸੀ। ਇਸ ਤੋਂ ਬਾਅਦ ਵਿਰੋਧੀ ਦਲਾਂ ਦੇ ਤਮਾਮ ਵੱਡੇ ਆਗੂਆਂ ਨੇ ਮਾਮਲੇ ਉੱਤੇ ਸਰਕਾਰ ਨੂੰ ਘੇਰਿਆ ਸੀ। ਘਟਨਾ ਦੇ ਵਿਰੋਧ ਵਿੱਚ ਕਾਂਗਰਸ ਨੇ ਟੀਕਮਗੜ੍ਹ ਵਿੱਚ ਅੱਧੇ ਦਿਨ ਦਾ ਬੰਦ ਦਾ ਸੱਦਾ ਦਿੱਤਾ ਸੀ, ਜਿਹੜਾ ਪੂਰਾ ਸਫਲ ਰਿਹਾ।