ਚੰਡੀਗੜ੍ਹ : ਪੁਰਾਣਾ ਵਿਕਿਆ ਨਹੀਂ ਅਤੇ ਨਵੇਂ ਨੂੰ ਕੋਈ ਪੁੱਛ ਨਹੀਂ ਰਿਹਾ ਹੈ। ਜਿਨ੍ਹਾਂ ਕਿਸਾਨਾਂ ਨੇ ਆਲੂ ਦੀ ਅਗੇਤੀ ਖੇਤੀ ਕਰਕੇ ਚੰਗਾ ਭਾਅ ਹਾਸਲ ਕਰਨ ਦੀ ਉਮੀਦ ਲਗਾਈ ਸੀ, ਪੁਰਾਣੇ ਨੋਟ ਦੇ ਝਟਕੇ ਨਾਲ ਢਹਿ-ਢੇਰੀ ਹੋਏ ਬਾਜ਼ਾਰ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਨਵੰਬਰ 'ਚ ਨੋਟਬੰਦੀ ਤੋਂ ਬਾਅਦ ਤੋਂ ਪੈਦਾ ਹੋਏ ਹਾਲਾਤ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਨੂੰ ਆਪਣੀ ਲਾਗਤ ਪੂਰੀ ਕਰਨ ਦੇ ਲਾਲੇ ਪੈ ਗਏ ਹਨ।
ਬਾਜ਼ਾਰ 'ਚ ਨਵੇਂ ਅਤੇ ਪੁਰਾਣੇ ਆਲੂ ਦੇ ਮੁਕਾਬਲੇ ਨੇ ਕਿਸਾਨਾਂ ਦੀ ਮਾਲੀ ਹਾਲਤ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ। ਨਵੇਂ ਆਲੂ ਨੂੰ ਨਾ ਤਾਂ ਜ਼ਿਆਦਾ ਸਮੇਂ ਤਕ ਖੇਤਾਂ 'ਚ ਰੱਖਿਆ ਜਾ ਸਕਦਾ ਅਤੇ ਨਾ ਹੀ ਉਸ ਨੂੰ ਕੋਲਡ ਸਟੋਰਾਂ 'ਚ ਰੱਖਣ ਦੀ ਸਹੂਲਤ ਹੈ। ਦੂਸਰੇ ਪਾਸੇ ਕੋਲਡ ਸੋਟਰਾਂ 'ਚ 12 ਤੋਂ 18 ਫ਼ੀਸਦੀ ਤਕ ਪੁਰਾਣਾ ਆਲੂ ਪਿਆ ਹੋਇਆ ਹੈ। ਬਾਜ਼ਾਰ 'ਚ ਪੁਰਾਣਾ ਆਲੂ ਨਾ ਵਿਕਣ ਕਾਰਨ ਹਰ ਮਹੀਨੇ ਪ੍ਰਤੀ ਬੋਰੀ ਇਕ ਸੌ ਰੁਪਏ ਦੀ ਲਾਗਤ ਵਧ ਰਹੀ ਹੈ।
ਇਸ ਦੋਹਰੀ ਮਾਰ ਨਾਲ ਆਲੂ ਕਿਸਾਨਾਂ ਲਈ ਮੁਸ਼ਕਲ ਪੈਦਾ ਹੋ ਗਈ ਹੈ। ਆਉਣ ਵਾਲੇ ਦਿਨਾਂ 'ਚ ਆਲੂ ਨੂੰ ਲੈ ਕੇ ਵੱਖਰੇ ਤਰ੍ਹਾਂ ਦਾ ਸੰਕਟ ਪੈਦਾ ਹੋਣ ਦਾ ਖਦਸ਼ਾ ਹੈ।
ਆਲੂ ਦਾ ਉਤਪਾਦਨ ਕਰਨ ਵਾਲੇ ਦੋ ਵੱਡੇ ਸੂਬੇ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਖਾਸ ਤੌਰ 'ਤੇ ਅਗੇਤੀ ਖੇਤੀ ਕਰਕੇ ਬਾਜ਼ਾਰ 'ਚ ਸਮੇਂ ਤੋਂ ਪਹਿਲਾਂ ਆਲੂ ਉਤਾਰ ਦੇਣ ਵਾਲੇ ਕਿਸਾਨਾਂ ਦੀ ਜੇਬ ਢਿੱਲੀ ਹੋ ਗਈ ਹੈ। ਦਰਅਸਲ, ਨਵੰਬਰ ਦੇ ਦੂਸਰੇ ਅਤੇ ਤੀਸਰੇ ਹਫਤੇ 'ਚ ਮੰਡੀਆਂ 'ਚ ਪੁਰਾਣਾ ਆਲੂ ਹੀ ਧੜੱਲੇ ਨਾਲ ਵਿਕ ਰਿਹਾ ਹੈ। ਜਦੋਂਕਿ ਪੱਛਮੀ ਬੰਗਾਲ 'ਚ ਇਸ ਸਮੇਂ ਪਿਛੇਤੀ ਆਲੂ ਦੀ ਬਿਜਾਈ ਹੁੰਦੀ ਹੈ।
ਬਾਜ਼ਾਰ 'ਚ ਨਕਦੀ ਸੰਕਟ ਪੈਦਾ ਹੁੰਦੇ ਹੀ ਪੁਰਾਣੇ ਆਲੂ ਦਾ ਕਾਰੋਬਾਰ ਠੱਪ ਹੋ ਗਿਆ। ਆਲੂ ਦਾ ਜ਼ਿਆਦਾਤਰ ਕਾਰੋਬਾਰ ਨਕਦੀ 'ਤੇ ਹੁੰਦਾ ਹੈ। ਨਵੇਂ ਨੋਟਾਂ ਦੀ ਭਾਰੀ ਕਿੱਲਤ ਕਾਰਨ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਨਾਲ ਮੰਡੀਆਂ 'ਚ ਵੀ ਆਲੂ ਦੀ ਸਪਲਾਈ 'ਤੇ ਅਸਰ ਪੈਣ ਲੱਗਾ ਹੈ।
ਬਕਾਇਆ ਭੁਗਤਾਨ ਵੀ ਰੁਕ ਗਿਆ ਹੈ।
ਲਿਹਾਜ਼ਾ ਕੋਲਡ ਸਟੋਰਾਂ 'ਚ ਰੱਖਿਆ ਆਲੂ ਦਾ ਸਟਾਕ ਡੰਪ ਹੋ ਗਿਆ ਹੈ।ਇਸੇ ਦੌਰਾਨ ਨਵੰਬਰ ਦੇ ਆਖਰੀ ਹਫਤੇ 'ਚ ਨਵੇਂ ਆਲੂ ਦੀ ਉਮੀਦ ਤੇਜ਼ ਹੋ ਗਈ। ਅਨੁਕੂਲ ਮੌਸਮ ਕਾਰਨ ਅਗੇਤੀ ਫ਼ਸਲ ਦਾ ਉਤਪਾਦਨ ਬਹੁਤ ਚੰਗਾ ਹੈ। ਪਰ ਬਾਜ਼ਾਰ 'ਚ ਮੰਗ ਨਾ ਹੋਣ ਕਾਰਨ ਕਿਸਾਨਾਂ ਦੀ ਹਾਲਤ ਪਤਲੀ ਹੋਣ ਲੱਗੀ ਹੈ।