ਚੰਡੀਗੜ੍ਹ: ਇਕ ਪਾਸੇ ਜਿਥੇ ਪੈਸੇ ਦੀ ਦੌੜ ‘ਚ ਕਿਸਾਨ ਰਸਾਇਣਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਫਲਾਂ ਅਤੇ ਸਬਜ਼ੀਆਂ ਰਾਹੀਂ ਜ਼ਹਿਰ ਪਰੋਸ ਰਹੇ ਹਨ ਅਤੇ ਇਨ੍ਹਾਂ ਜ਼ਹਿਰਾਂ ਨਾਲ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਉਥੇ ਦੂਸਰੇ ਪਾਰੇ ਕਸਬਾ ਨਡਾਲਾ ਦੇ ਨਜਦੀਕੀ ਪਿੰਡ ਰਾਏਪੁਰ ਅਰਾਂਈਆ ਦਾ ਇਕ ਕਿਸਾਨ ਰਸਾਇਣ ਰਹਿਤ ਜੈਵਿਕ ਖਾਦਾਂ ਰਾਹੀਂ ਸਬਜ਼ੀਆਂ ਦੀ ਕਾਸ਼ਤ ਕਰਕੇ ਜਿਥੇ ਬਾਕੀ ਕਿਸਾਨਾਂ ਨਾਲੋਂ ਵੱਧ ਕਮਾਈ ਕਰ ਰਿਹਾ ਹੈ ਉਥੇ ਕਿਸਾਨਾਂ ਨੂੰ ਰਸਾਇਣ ਰਹਿਤ ਫਲ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਇਸ ਸੰਬਧੀ ਗੱਲਬਾਤ ਕਰਦੇ ਸਫਲ ਕਿਸਾਨ ਲੱਖਾ ਸਿੰਘ ਪੁੱਤਰ ਧੰਨਾ ਸਿੰਘ ਨੇ ਦੱਸਿਆ ਕਿ ਉਸ ਨੇ ਉਘੇ ਸਫਲ ਕਿਸਾਨ ਅਤੇ ਖੇਤੀ ਵਿਗਿਆਨੀ ਬੂਟਾ ਸਿੰਘ ਸੰਗਰੂਰ ਦੀ ਪ੍ਰੇਰਨਾ ਅਤੇ ਬਾਗਵਾਨੀ ਬਲਾਕ ਨਡਾਲਾ ਦੇ ਅਧਿਕਾਰੀ ਗੁਰਚਰਨ ਸਿੰਘ ਮਾਹਲ ਦੇ ਸਹਿਯੋਗ ਨਾਲ ਨੈੱਟ ਹਊਸ ਰਾਹੀਂ ਰਸਾਇਣ ਰਹਿਤ ਸਬਜ਼ੀਆਂ ਦੀ ਕਾਸ਼ਤ ਦਾ ਕਿੱਤਾ ਅਪਣਾਉਣ ਦਾ ਪੱਕਾ ਮਨ ਬਣਾਇਆ। ਇਸ ਵਕਤ ਕਿਸਾਨ ਲੱਖਾ ਸਿੰਘ ਵਲੋਂ ਛੇ ਨੈੱਟ ਹਊਸ ਲਗਾਏ ਹੋਏ ਹਨ ਜਿਨ੍ਹਾਂ ਦਾ ਕੁੱਲ ਰਕਬਾ ਛੇ ਕਨਾਲ ਬਣਦਾ ਹੈ। ਇਸ ਨੈੱਟ ਹਊਸ ‘ਚ ਇਸ ਸਮੇਂ ਸ਼ਿਮਲਾ ਮਿਰਚ, ਟਮਾਟਰ, ਖੀਰਾ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਨੈੱਟ ਹਊਸ ਰਾਹੀਂ ਬੇ-ਬਹਾਰੀਆਂ ਸਬਜ਼ੀਆਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।
ਉਕਤ ਕਿਸਾਨ ਨੇ ਦੱਸਿਆ ਕਿ ਇਥੇ ਸਬਜ਼ੀਆਂ ਦੀ ਕਾਸ਼ਤ ਲਈ ਮਮੂਲੀ ਜਿਹੀ ਰਸਾਇਣਕ ਖਾਦ ਰਾਹੀਂ ਤਿਆਰ ਕੀਤੀਆਂ ਜਾਦੀਆਂ ਸਬਜ਼ੀਆਂ ਜ਼ਹਿਰੀਲੀਆਂ ਰਸਾਇਣਕ ਖਾਦਾਂ ਵਾਲੀਆਂ ਸਬਜ਼ੀਆਂ ਨਾਲੋਂ ਕਿਧਰੇ ਜਿਆਦਾ ਸਵਾਦਿਸ਼ਟ ਹੁੰਦੀਆਂ ਹਨ ਅਤੇ ਇਨ੍ਹਾਂ ਨਾਲ ਬਿਮਾਰੀਆਂ ਲੱਗਣ ਦਾ ਖਤਰਾ ਵੀ ਨਹੀਂ ਹੁੰਦਾ। ਉਨ੍ਹਾਂ ਨੇ ਦੱਸਿਆ ਕਿ ਇਕ ਕਨਾਲ ਰਕਬੇ ‘ਚ ਬੀਜੀ ਜਾਂਦੀ ਹਰੀ ਮਿਰਚ 25 ਤੋਂ 30 ਕੁਇੰਟਲ ਝਾੜ ਦਿੰਦੀ ਹੈ।
ਇਸੇ ਤਰ੍ਹਾਂ ਇਕ ਕਨਾਲ ਰਕਬੇ ‘ਚ ਬੀਜੀ ਸਬਜ਼ੀ ਪ੍ਰਤੀ ਸਾਲ ਇਕ ਏਕੜ ‘ਚ ਬਿਜਾਈ ਕੀਤੀ ਹੋਰ ਫਸਲ ਜਿੰਨੀ ਆਮਦਨ ਦੇ ਦਿੰਦੀ ਹੈ। ਹੋਰ ਮੁਨਾਫਾ ਲੈਣ ਲਈ ਇਸ ਦੇ ਨਾਲ ਹੀ ਪਾਪੂਲਰ ਅਤੇ ਚਕੁੰਦਰ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕ ਨੈੱਟ ਹਊਸ ਤਿਆਰ ਕਰਨ ਲਈ ਕਰੀਬ ਸਵਾ ਦੋ ਲੱਖ ਰੁਪਏ ਖਰਚ ਆਉਂਦਾ ਹੈ। ਇਸ ਲਈ ਸਰਕਾਰ ਵਲੋਂ ਇਕ ਲੱਖ ਰੁਪਏ ਸਬਸਿਡੀ ਮਿਲਦੀ ਹੈ। ਅੱਜ-ਕੱਲ ਤਿਆਰ ਹੋ ਰਹੇ ਗਰੀਨ ਨੈੱਟ ਹਊਸ ਸਬਜ਼ੀਆਂ ਨੂੰ ਧੁੱਪ, ਬਾਰਿਸ਼, ਕੋਹਰੇ ਅਤੇ ਗੜੇਮਾਰੀ ਤੋਂ ਬਚਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਜੈਵਿਕ ਖਾਦਾਂ ਤਿਆਰ ਕਰਨ ਲਈ ਉਨ੍ਹਾਂ ਆਪਣਾ ਪਲਾਟ ਲਗਾਇਆ ਹੋਇਆ ਹੈ। ਨੈੱਟ ਹਊਸ ‘ਚ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਸਾਢੇ ਸੱਤ ਹਾਰਸ ਪਾਵਰ ਦਾ ਵਿਦੇਸ਼ੀ ਛੋਟਾ ਟ੍ਰੈਕਟਰ ਚਲਾਇਆ ਜਾਂਦਾ ਹੈ। ਇਸ ਟ੍ਰੈਕਟਰ ਦੀ ਕੀਮਤ ਕਰੀਬ ਸਵਾ ਲੱਖ ਰੁਪਏ ਹੈ ਅਤੇ ਇਸ ਤੇ ਸਰਕਾਰ ਵਲੋਂ 60 ਹਜ਼ਾਰ ਰੁਪਏ ਸਬਸਿਡੀ ਮਿਲਦੀ।
ਇਸ ਮੌਕੇ ਅੰਤ ‘ਚ ਉਨ੍ਹਾਂ ਦੂਸਰੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਤੋਂ ਰਹਿਤ ਫਲ ਅਤੇ ਸਬਜ਼ੀਆਂ ਬੀਜਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਕੰਮ ਲਈ ਸਰਕਾਰ ਵਲੋਂ ਬਹੁਤ ਸਕੀਮਾਂ ਚਲਾਈਆਂ ਜਾਂ ਰਹੀਆਂ ਹਨ ਜਿਨ੍ਹਾਂ ਨਾਲ ਛੋਟੇ ਕਿਸਾਨ ਬਹੁਤ ਵਧੀਆ ਤਰੀਕੇ ਨਾਲ ਆਪਣਾ ਗੁਜ਼ਾਰਾ ਕਰ ਸਕਦੇ ਹਨ।