ਪੰਜਾਬ ਸਰਕਾਰ ਨੇ ਐਲਨਿਆ ਕਣਕ ਖਰੀਦਣ ਦਾ ਪਲੈਨ, ਹੁਣ ਇੰਝ ਖਰੀਦੀ ਜਾਵੇਗੀ ਮੰਡੀਆਂ 'ਚ ਫਸਲ
ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਬਾਰੇ ਆਪਣਾ ਪਲੈਨ ਐਲਾਨ ਦਿੱਤਾ ਹੈ। ਇਸ ਮੁਤਾਬਕ ਐਤਕੀਂ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਕਣਕ ਦੀ ਖਰੀਦ ਲਈ 3972 ਖ਼ਰੀਦ ਕੇਂਦਰ ਬਣਾਏ ਹਨ, ਜਿਨ੍ਹਾਂ ਵਿੱਚ 10 ਅਪਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਵੇਗੀ।
ਚੰਡੀਗੜ੍ਹ: ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰਾਂ ਆਹਮੋ-ਸਾਹਮਣੇ ਹਨ। ਦੂਜੇ ਪਾਸੇ ਕੋਰੋਨਾ ਦੇ ਵਧਦੇ ਕਹਿਰ ਦੀ ਦਲੀਲ ਦੇ ਕੇ ਕਣਕ ਦੀ ਖਰੀਦ ਇਸ ਵਾਰ 10 ਅਪਰੈਲ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ਸਭ ਵਿੱਚ ਕਿਸਾਨ ਫਿਕਰਮੰਦ ਹਨ। ਹੁਣ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਣਕ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ।
ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਬਾਰੇ ਆਪਣਾ ਪਲੈਨ ਐਲਾਨ ਦਿੱਤਾ ਹੈ। ਇਸ ਮੁਤਾਬਕ ਐਤਕੀਂ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਕਣਕ ਦੀ ਖਰੀਦ ਲਈ 3972 ਖ਼ਰੀਦ ਕੇਂਦਰ ਬਣਾਏ ਹਨ, ਜਿਨ੍ਹਾਂ ਵਿੱਚ 10 ਅਪਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਵੇਗੀ। ਇਸ ਵਾਰ ਵੀ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਕੂਪਨ ਮੁਹੱਈਆ ਕਰਵਾਏ ਜਾਣਗੇ। ਕੂਪਨ ਦੀ ਮਿਆਦ ਇੱਕ ਦਿਨ ਦੀ ਹੋਵੇਗੀ।
ਪੰਜਾਬ ਵਿੱਚ ਇਸ ਸਾਲ 177 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ, ਜਿਸ ਵਿੱਚੋਂ 130 ਲੱਖ ਮੀਟਰਿਕ ਟਨ ਮੰਡੀਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਇਸ ਵਾਰ ਫਿਰ ਆਪਣੀ ਫ਼ਸਲ ਮੰਡੀਆਂ ਵਿੱਚ ਲਿਆਉਣ ਲਈ ਆੜ੍ਹਤੀਆਂ ਰਾਹੀਂ 17.39 ਲੱਖ ਪਾਸ ਜਾਰੀ ਕੀਤੇ ਗਏ ਹਨ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਬੋਰਡ ਦੇ ਸਕੱਤਰ ਰਵੀ ਭਗਤ ਤੇ ਹੋਰ ਉੱਚ ਅਧਿਕਾਰੀਆਂ ਨਾਲ ਕਣਕ ਦੀ ਖ਼ਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਦੱਸਿਆ ਕਿ ਪੰਜਾਬ ਦੀਆਂ 154 ਮਾਰਕੀਟ ਕਮੇਟੀਆਂ ਵਿੱਚ ਕਣਕ ਦੀ ਖ਼ਰੀਦ ਤੇ ਵੇਚ ਲਈ ਮੁੱਖ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਲਗਪਗ 5600 ਫੀਲਡ ਸਟਾਫ ਵੱਲੋਂ ਆਪਣੀ ਡਿਊਟੀ ਨਿਭਾਈ ਜਾਵੇਗੀ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਇਹ ਕੋਸ਼ਿਸ਼ ਹੋਵੇਗੀ ਕਿ ਕਿਸਾਨਾਂ ਨੂੰ ਮੰਡੀਆਂ ’ਚੋਂ 12 ਘੰਟੇ ਦੇ ਸਮੇਂ ਅੰਦਰ ਹੀ ਫਾਰਗ ਕਰ ਦਿੱਤਾ ਜਾਵੇ। ਮੰਡੀਆਂ ਵਿੱਚ ਮੁਕੰਮਲ ਸਫ਼ਾਈ ਤੇ ਸਿਹਤ ਸੁਰੱਖਿਆ ਲਈ ਸੋਡੀਅਮ ਹਾਈਪੋਕਲੋਰਾਈਟ ਨਾਲ ਛਿੜਕਾਅ ਕਰਵਾਇਆ ਗਿਆ। ਮੰਡੀਆਂ ਵਿੱਚ ਪੀਣ ਵਾਲੇ ਸਾਫ਼ ਪਾਣੀ, ਪਖਾਨੇ ਤੇ ਛਾਂ ਦੇ ਪ੍ਰਬੰਧ ਕੀਤੇ ਗਏ ਹਨ।