ਚੰਡੀਗੜ੍ਹ: ਪੰਜਾਬ ਸਣੇ ਉਤਰ ਭਾਰਤ ਗਰਮੀ ਤੋਂ ਪਰੇਸ਼ਾਨ ਹੈ। ਗਰਮੀ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਿਕ ਮੀਂਹ ਪੈਣ ਦੇ ਅਜੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ, ਜਿਸ ਨਾਲ ਹਾਲੇ ਕੁੱਝ ਦਿਨ ਗਰਮੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ।ਪੰਜਾਬ ਵਿੱਚ ਬੀਤੇ ਕੱਲ੍ਹ ਬਠਿੰਡਾ ਸਭ ਤੋਂ ਗਰਮਾ ਰਿਹਾ।ਮੌਸਮ ਵਿਭਾਗ ਵੱਲੋਂ ਹੀਟਵੇਵ ਯਾਨੀ ਲੂ ਵੱਗਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।


1 ਅਪ੍ਰੈਲ ਨੂੰ ਬਠਿੰਡਾ ਦਾ ਤਾਪਮਾਨ 39.7 ਡਿਗਰੀ ਰਿਕਾਰਡ ਕੀਤਾ ਗਿਆ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ ਰਿਕਾਰਡ ਕੀਤਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 33.7 ਰਿਕਾਰਡ ਕੀਤਾ ਹੈ। ਚੰਡੀਗੜ ਵਿੱਚ ਪਾਰਾ 36 ਡਿਗਰੀ ਰਿਹਾ ਹੈ। ਇਸੇ ਤਰ੍ਹਾਂ 30.03.22 ਨੂੰ ਪਟਿਆਲਾ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ (38.8˚C) ਰਿਕਾਰਡ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਸਾਲ 1953 ਵਿੱਚ ਇਹ ਰਿਕਾਰਡ 37.8˚C ਸੀ।


ਹੁਣ ਤਾਂ ਪਹਾੜਾਂ ਦਾ ਮੌਸਮ ਵੀ ਵਿਗੜਣ ਲੱਗਾ ਹੈ। ਪਹਿਲਾਂ ਮਾਰਚ ਦੇ ਮਹੀਨੇ ਜਿੱਥੇ ਪਹਾੜਾਂ ਵਿੱਚ ਮੌਸਮ ਠੰਡਾ ਰਹਿੰਦਾ ਸੀ, ਉੱਥੇ ਹੀ ਇਸ ਵਾਰ ਗਰਮੀ ਨੇ ਮਾਰਚ ਮਹੀਨੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ। ਦਸ ਸਾਲਾਂ ਬਾਅਦ 31 ਮਾਰਚ ਨੂੰ ਊਨਾ ਵਿੱਚ 39 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸੋਲਨ ਅਤੇ ਹੋਰ ਸ਼ਹਿਰਾਂ ਵਿਚ ਵੀ ਤਾਪਮਾਨ ਵਿਚ ਕਾਫੀ ਵਾਧਾ ਹੋਇਆ ਹੈ।


ਅਪ੍ਰੈਲ ਮਹੀਨੇ ਵਿੱਚ ਵੀ ਇਸ ਵਾਰ ਰਿਕਾਰਡ ਤੋੜ ਗਰਮੀ ਪੈਣ ਦੇ ਆਸਾਰ ਹਨ। ਮੈਦਾਨੀ ਇਲਾਕਿਆਂ ਵਿੱਚ ਹੀਟਵੇਵ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਫਿਲਹਾਲ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ।


ਅਗਲੇ 8 ਤੋਂ 10 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ
ਮੌਸਮ ਕੇਂਦਰ ਸ਼ਿਮਲਾ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਇਸ ਦੌਰਾਨ ਪਾਰਾ ਹੋਰ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ 8 ਤੋਂ 10 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ 'ਚ ਸੂਬੇ ਦਾ ਮੌਸਮ ਖੁਸ਼ਕ ਰਹੇਗਾ। ਸੂਬੇ ਦੇ ਕੁੱਲੂ, ਕਾਂਗੜਾ, ਲਾਹੌਲ ਸਪਿਤੀ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ ਹੈ।