ਚੰਡੀਗੜ੍ਹ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ ਸਾਇੰਸਦਾਨਾਂ ਨੇ ਝੋਨੇ ਅਤੇ ਬਾਸਮਤੀ ਦੇ ਖੇਤਾਂ ਵਿੱਚ ਸਰਵੇਖਣ ਦੌਰਾਨ ਕੁਝ ਖੇਤਾਂ ਵਿੱਚ ਬੂਟਿਆਂ ’ਤੇ ਟਿੱਡਿਆਂ ਦਾ ਹਮਲਾ ਪਾਇਆ। ਦੱਸਣਯੋਗ ਹੈ ਕਿ ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ।

ਇਹ ਟਿੱਡੇ ਤਣੇ ਦੇ ਮੁੱਢਾਂ ਕੋਲ ਹੀ ਰਸ ਚੂਸਦੇ ਹਨ ਅਤੇ ਅਕਸਰ ਦਿਖਾਈ ਨਹੀਂ ਦਿੰਦੇ। ਸਿੱਟੇ ਵਜੋਂ ਬੂਟੇ ਦੇ ਪੱਤੇ ਉਪਰਲੇ ਸਿਰਿਆਂ ਵੱਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ’ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ।
ਜਦੋਂ ਬੂਟਾ ਸੁੱਕ ਦੇ ਟੁੱਟ ਜਾਂਦਾ ਹੈ ਤਾਂ ਟਿੱਡੇ ਨੇੜਲੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਗੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਕੀਟ ਵਿਗਿਆਨ ਵਿਭਾਗ ਦੇ ਮੁਖੀ ਅਨੁਸਾਰ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ’ਤੇ ਇਨ੍ਹਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਸਰਵੇਖਣ ਲਈ ਕੁਝ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਝਾੜੋ।

ਇੰਜ ਕਰੋ ਬਚਾਅ:

ਜੇ ਪੰਜ ਜਾਂ ਵੱਧ ਟਿੱਡੇ ਪ੍ਰਤੀ ਬੂਟਾ ਦਿਖਾਈ ਦੇਣ ਤਾਂ 40 ਮਿਲੀਲਿਟਰ ਕੌਨਫੀਡੋਰ 200 ਐਸ.ਐਲ./ ਕਰੋਕੋਡਾਈਲ 17.8 ਈ.ਸੀ. (ਇਮਿਡਾਕਲੋਪਰਿਡ)/ ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇੱਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਬੂਟੇ ਦੇ ਮੁੱਢ ਵੱਲ ਕੀਤਾ ਜਾਵੇ। ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਇਨ੍ਹਾਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ, ਇਸ ਲਈ ਝੋਨੇ ਦੀ ਫਸਲ ਉਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।