ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ (ਐੱਸ ਵਾਈ ਐੱਲ) ਨਹਿਰ ਬਣਾਉਣ ਦਾ ਸਭ ਤੋਂ ਵੱਧ ਨੁਕਸਾਨ ਮਾਲਵਾ ਨੂੰ ਭੁਗਤਣਾ ਪੈ ਸਕਦਾ ਹੈ। ਇਸ ਦੇ ਨਾਲ ਪਟਿਆਲਾ, ਬਠਿੰਡਾ, ਮੁਕਤਸਰ, ਮਾਨਸਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਨੂੰ ਇਸ ਵੇਲੇ ਮਿਲਦਾ ਪਾਣੀ ਦਾ ਕੋਟਾ ਘੱਟ ਹੋ ਜਾਏਗਾ ਅਤੇ ਜ਼ਮੀਨੀ ਪਾਣੀ ਵਿੱਚ ਕੈਮੀਕਲ ਹੋਣ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ ਪਹਿਲਾਂ ਹੀ ਪਾਣੀ ਦੇ ਸੰਕਟ ਵਿੱਚ ਫਸੇ ਹਨ।

ਪੰਜਾਬ ਦੇ ਡਰੇਨੇਜ਼ ਵਿਭਾਗ ਦੇ ਐੱਸ ਡੀ ਓ ਜਗਮੀਤ ਸਿੰਘ ਦੇ ਦੱਸਣ ਅਨੁਸਾਰ ਐੱਸ ਵਾਈ ਐੱਲ ਨਹਿਰ ਦੇ ਬਣਨ ਨਾਲ ਮਾਲਵਾ ਦੀ ਕਾਟਨ ਬੈਲਟ ਦੀ ਸਿੰਜਾਈ ਪੂਰੀ ਤਰ੍ਹਾਂ ਪ੍ਰਭਾਵਤ ਹੋਵੇਗੀ। ਇਸ ਖੇਤਰ ਦੇ ਹਿੱਸੇ ਆਉਂਦੇ ਨਹਿਰੀ ਪਾਣੀ ਵਿੱਚ ਕਮੀ ਆਏਗੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਾਦਿੱਤਾ ਸਿੰਘ ਭਾਗਸਰ ਦਾ ਕਹਿਣਾ ਹੈ ਕਿ ਮੁਕਤਸਰ ਜ਼ਿਲ੍ਹੇ ਵਿੱਚ ਲੰਬੀ ਖੇਤਰ ਦੇ ਪਿੰਡ ਵਣਵਾਲਾ, ਮਿਡਖੇੜਾ, ਘੁਮਿਆਰਾ ਅਤੇ ਮਾਹਣੀ ਖੇੜਾ ਆਦਿ ਦਰਜਨਾਂ ਪਿੰਡ ਟੇਲ ਉੱਤੇ ਹਨ, ਜੋ ਸੇਮ ਤੋਂ ਪ੍ਰਭਾਵਤ ਹਨ। ਇਨ੍ਹਾਂ ਨੂੰ ਹੁਣ ਪਾਣੀ ਦੇ ਸੰਕਟ ਨਾਲ ਜੂਝਣਾ ਪਵੇਗਾ।

ਮੁਕਤਸਰ ਜ਼ਿਲ੍ਹੇ ਵਿੱਚ ਸਿੰਜਾਈ ਲਈ 27 ਫੀਸਦੀ ਨਹਿਰੀ ਪਾਣੀ ਮਿਲਦਾ ਹੈ। 73 ਫੀਸਦੀ ਸਿੰਜਾਈ ਟਿਊਬਵੈੱਲ ਅਤੇ ਮੋਟਰਾਂ ਦੇ ਸਹਾਰੇ ਜ਼ਮੀਨੀ ਪਾਣੀ ਤੋਂ ਹੁੰਦੀ ਹੈ।  ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਦੇ ਮੁਤਾਬਕ ਐਸ ਵਾਈ ਐਲ ਦੇ ਬਣਨ ਨਾਲ ਏਥੇ ਖੇਤੀ ਪ੍ਰਭਾਵਤ ਹੋਵੇਗੀ।

ਪੰਜਾਬ ਤੇ ਹਰਿਆਣਾ ਪਾਣੀ ਦੀ ਲੜਾਈ ਲੜ ਰਹੇ ਹਨ ਪਰ ਇਹ ਵੀ ਸੱਚ ਹੈ ਕਿ ਨੰਗਲ ਤੋਂ ਆਉਂਦਾ ਪਾਣੀ ਪਟਿਆਲਾ, ਰਾਜਪੁਰਾ ਤੱਕ ਆਉਂਦਾ ਗੰਦਾ ਹੋ ਜਾਂਦਾ ਹੈ। ਭਾਖੜਾ ਨਹਿਰ ਦੇ ਪਾਣੀ ਵਿੱਚ ਕ੍ਰੋਮੀਅਮ ਤੇ ਨਿੱਕਲ ਹੈ, ਜੋ ਸਿਹਤ ਲਈ ਹਾਨੀਕਾਰਕ ਹੈ।

ਪੰਜਾਬੀ ਯੂਨੀਵਰਸਿਟੀ ਦੇ ਜੂਆਲੋਜੀ ਵਿਭਾਗ ਦੇ ਡਾਕਟਰ ਓਂਕਾਰ ਸਿੰਘ ਦੇ ਅਨੁਸਾਰ ਨਹਿਰਾਂ ਦਾ ਪਾਣੀ ਗੰਦਾ ਹੋਣ ਦਾ ਕਾਰਨ ਥਰਮਲ ਪਲਾਂਟ, ਸੀਮੈਂਟ ਪਲਾਂਟ ਤੇ ਬਨੂੜ ਦੀ ਸ਼ਰਾਬ ਫੈਕਟਰੀ ਹੈ। ਨਹਿਰ ਦਾ ਮੁੱਢ ਸਤਲੁਜ ਦਰਿਆ ਤੋਂ ਰੂਪਨਗਰ ਵਿੱਚ ਸ਼ੁਰੂ ਹੁੰਦਾ ਹੈ ਜਿੱਥੇ ਪ੍ਰਦੂਸ਼ਣ ਬੰਦ ਨਹੀਂ ਹੋ ਰਿਹਾ।