ਚੰਡੀਗੜ੍ਹ: ਹੁਣ ਸੂਰਜੀ ਊਰਜਾ ਨਾਲ ਚੱਲਣ ਵਾਲਾ ਚਰਖਾ ਵੀ ਤਿਆਰ ਹੋ ਗਿਆ ਹੈ। ਇਸ ਚਰਖੇ ਦੀ ਖਾਸ ਗੱਲ ਇਹ ਹੈ ਕਿ ਚਰਖਾ ਸੂਰਜੀ ਊਰਜਾ ਨਾਲ ਕਰੀਬ 8 ਘੰਟੇ ਤੱਕ ਚੱਲੇਗਾ ਜਦਕਿ ਇਸ ’ਚ ਲੱਗੀਆਂ ਬੈਟਰੀਆਂ ਅਤੇ ਇਨਵਰਟਰ ਰਾਹੀਂ ਇਹ ਚਾਰ ਘੰਟੇ ਜ਼ਿਆਦਾ ਚੱਲ ਸਕਦਾ ਹੈ। ਇਹ ਚਰਖਾ ਲੁਧਿਆਣਾ ਦੇ ਸਨਅਤਕਾਰ ਜੀਐਸਐਲ ਲੌਟੇ ਗਰੁੱਪ ਨੇ ਤਿਆਰ ਕੀਤਾ ਹੈ।

ਇਂਨਾ ਹੀ ਨਹੀ ਸਨਅਤੀ ਸ਼ਹਿਰ ਵਿੱਚ ਤਿਆਰ ਕੀਤੇ ਸੋਲਰ ਚਰਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਵਿੱਚ ਵੰਡਣਗੇ। ਪ੍ਰਧਾਨ ਮੰਤਰੀ ਵੱਲੋਂ 2022 ਤੱਕ ਅਜਿਹੇ ਇੱਕ ਕਰੋੜ ਚਰਖੇ ਪੂਰੇ ਦੇਸ਼ ਵਿੱਚ ਵੰਡਣ ਦੀ ਯੋਜਨਾ ਹੈ। ਪੇਂਡੂ, ਪੱਛੜੇ ਤੇ ਅਨੁਸੂਚਿਤ ਜਾਤੀਆਂ ਲਈ ਅਜਿਹੇ ਚਰਖੇ ਬਣਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ ਤੇ ਹੁਣ ਇਨ੍ਹਾਂ ਚਰਖਿਆਂ ਦੀ ਕੀਮਤ ਘੱਟ ਕਰਨ ਦੇ ਢੰਗ ਲੱਭੇ ਜਾ ਰਹੇ ਹਨ ਤਾਂ ਹੋ ਇਹ ਚਰਖੇ ਗਰੀਬ ਵਰਗ ਦੀ ਜੇਬ ਮੁਤਾਬਕ ਬਣ ਜਾਣ।

ਆਜ਼ਾਦੀ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਕੱਪੜੇ ਦੇ ਵਪਾਰ ’ਚ ਮੋਹਰੀ ਬਣਾਉਣ ਲਈ ਮਹਾਤਮਾ ਗਾਂਧੀ ਨੇ ਚਰਖੇ ਨਾਲ ਸੂਤ ਤਿਆਰ ਕਰਨ ਲਈ ਪ੍ਰੇਰਿਆ ਸੀ। ਇਸੇ ਰੀਤ ਨੂੰ ਅੱਗੇ ਵਧਾਉਣ ਦਾ ਬੀੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਕਿਆ ਹੈ। ਮੋਦੀ ਜਿਸ ਚਰਖੇ ਨੂੰ ਦੇਸ਼ ਦੀਆਂ ਕਰੋੜਾਂ ਪੇਂਡੂ ਔਰਤਾਂ ਨੂੰ ਸੌਂਪਣਾ ਚਾਹੁੰਦੇ ਹਨ, ਉਹ ਹਾਈਟੈੱਕ ਹੈ ਤੇ ਸੂਰਜੀ ਊਰਜਾ ਨਾਲ ਚੱਲਦਾ ਹੈ। ਇਹ ਚਰਖਾ ਰੋਜ਼ਾਨਾ 4 ਕਿਲੋ ਧਾਗਾ ਤਿਆਰ ਕਰ ਸਕਦਾ ਹੈ।

ਕੰਪਨੀ ਦੇ ਐਮਡੀ ਘਣਸ਼ਿਆਮ ਲੌਟੇ ਨੇ ਦੱਸਿਆ ਕਿ ਚਰਖਾ ਵਿਕਸਤ ਕਰਨ ਲਈ ਨਿਰਦੇਸ਼ ਕੱਪੜਾ ਮੰਤਰਾਲੇ ਤੋਂ ਮਿਲੇ ਸਨ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੀ ਪਿਛਲੇ ਦਿਨੀਂ ਉਨ੍ਹਾਂ ਦੀ ਵਰਕਸ਼ਾਪ ’ਚ ਚਰਖਾ ਦੇਖਣ ਪੁੱਜੇ ਸਨ। ਇਹ ਪ੍ਰਾਜੈਕਟ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਨਵੀਂ ਯੋਜਨਾ ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ ’ਤੇ ਵੀ ਆਧਾਰਤ ਹੈ।