Tomato & Ginger Price Shoot Up : ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਇੱਕ ਅਜਿਹੀ ਵਸਤੂ ਮਹਿੰਗਾਈ ਦੇ ਘੇਰੇ ਵਿੱਚ ਆ ਗਈ ਹੈ, ਜਿਸ ਤੋਂ ਬਿਨਾਂ ਰਸੋਈ ਵਿੱਚ ਖਾਣਾ ਨਹੀਂ ਬਣਾ ਸਕਦੇ । ਇਹ ਵਾਧਾ ਟਮਾਟਰ ਦੀ ਕੀਮਤ ਵਿੱਚ ਆਇਆ ਹੈ ਅਤੇ ਪਿਛਲੇ 15 ਦਿਨਾਂ ਵਿੱਚ ਇਸ ਦੇ ਰੇਟ ਦੁੱਗਣੇ ਹੋ ਗਏ ਹਨ। ਉੱਤਰੀ ਭਾਰਤ ਵਿੱਚ ਬੇਮੌਸਮੀ ਬਾਰਸ਼ ਨੇ ਨਾ ਸਿਰਫ਼ ਟਮਾਟਰ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ, ਇੱਥੇ ਅਦਰਕ ਦੀ ਕੀਮਤ ਵਿੱਚ ਵੀ ਲਗਭਗ ਦੁੱਗਣਾ ਵਾਧਾ ਦੇਖਿਆ ਗਿਆ ਹੈ ਅਤੇ ਇਸ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ।



 

ਕਿੱਥੇ ਜਾ ਪਹੁੰਚੇ ਟਮਾਟਰਾਂ ਦੇ ਰੇਟ ?


ਪਿਛਲੇ 15 ਦਿਨਾਂ ਵਿੱਚ ਹੀ ਟਮਾਟਰ ਦੀ ਕੀਮਤ ਦੁੱਗਣੀ ਹੋ ਗਈ ਹੈ ਅਤੇ ਇਸ ਦਾ ਰੇਟ 40 ਰੁਪਏ ਤੋਂ 80 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਹ ਕੀਮਤਾਂ ਪ੍ਰਚੂਨ ਬਾਜ਼ਾਰ ਲਈ ਦਿਖਾਈ ਦੇ ਰਹੀਆਂ ਹਨ। ਇਸ ਸਮੇਂ ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਟਮਾਟਰ ਦੀ ਆਮਦ ਘੱਟ ਗਈ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਬੇਮੌਸਮੀ ਬਾਰਿਸ਼ ਹੈ, ਜਿਸ ਕਾਰਨ ਟਮਾਟਰ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ।

 

ਕਿਉਂ ਵਧ ਰਹੀਆਂ ਹਨ ਟਮਾਟਰ ਦੀਆਂ ਕੀਮਤਾਂ ?


ਇਕਨਾਮਿਕ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਆਜ਼ਾਦਪੁਰ ਮੰਡੀ ਦੇ ਟਮਾਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਦਾ ਕਹਿਣਾ ਹੈ ਕਿ ਨਵੀਂ ਫਸਲ ਆਉਣ ਤੱਕ ਟਮਾਟਰ ਦੇ ਭਾਅ ਆਉਣ ਵਾਲੇ ਕੁਝ ਸਮੇਂ ਤੱਕ ਉੱਚੇ ਰਹਿਣਗੇ। ਦੂਜੇ ਪਾਸੇ ਦੱਖਣੀ ਭਾਰਤ ਤੋਂ ਟਮਾਟਰਾਂ ਦੀ ਭਾਰੀ ਮੰਗ ਹੈ, ਜਿਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਹੇਠਾਂ ਨਹੀਂ ਆ ਰਹੀਆਂ ਹਨ। ਟਮਾਟਰ ਦੀ ਮੰਗ ਜ਼ਿਆਦਾ ਹੈ ਅਤੇ ਇਸ ਦੀ ਸਪਲਾਈ 'ਚ ਕਮੀ ਹੈ, ਜਿਸ ਕਾਰਨ ਸਬਜ਼ੀ ਵਿਕਰੇਤਾ ਟਮਾਟਰ ਮਹਿੰਗੇ ਭਾਅ 'ਤੇ ਵੇਚ ਰਹੇ ਹਨ। ਇਸ ਵੇਲੇ ਟਮਾਟਰ ਦੀ ਸਪਲਾਈ ਸਿਰਫ਼ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਹੋ ਰਹੀ ਹੈ।

 

ਕਿਉਂ ਵਧ ਰਹੀਆਂ ਹਨ ਅਦਰਕ ਦੀਆਂ ਕੀਮਤਾਂ?

 

ਦੂਜੇ ਪਾਸੇ ਅਦਰਕ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ, ਪਹਿਲਾਂ ਜੋ ਅਦਰਕ 30 ਰੁਪਏ ਦਾ 100 ਗ੍ਰਾਮ ਮਿਲਦਾ ਸੀ, ਉਹ ਹੁਣ 50-80 ਰੁਪਏ ਦਾ 100 ਗ੍ਰਾਮ ਤੱਕ ਪਹੁੰਚ ਗਿਆ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਕਿਸਾਨਾਂ ਨੇ ਅਦਰਕ ਦੀ ਫਸਲ ਘਾਟੇ 'ਚ ਵੇਚੀ ਸੀ ਅਤੇ ਇਸ ਸਾਲ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਸਬਜ਼ੀ ਮੰਡੀਆਂ 'ਚ ਘੱਟ ਗਿਣਤੀ 'ਚ ਅਦਰਕ ਦੀ ਸਪਲਾਈ ਕੀਤੀ ਜਾ ਰਹੀ ਹੈ। ਹੁਣ ਜਦੋਂ ਬਾਜ਼ਾਰ 'ਚ ਅਦਰਕ ਦੀ ਕੀਮਤ ਵਧ ਗਈ ਹੈ ਤਾਂ ਉਹ ਇਸ ਨੂੰ ਮੰਡੀ 'ਚ ਮਹਿੰਗੇ ਭਾਅ 'ਤੇ ਵੇਚਣ ਲਈ ਉਤਾਰ ਰਹੇ ਹਨ।

ਜ਼ਿਕਰਯੋਗ ਹੈ ਕਿ ਦੇਸ਼ 'ਚ ਅਦਰਕ ਦਾ ਸਾਲਾਨਾ ਉਤਪਾਦਨ 2.12 ਲੱਖ ਮੀਟ੍ਰਿਕ ਟਨ ਹੈ ਅਤੇ ਪਿਛਲੇ ਸਾਲ ਇਸ ਦੀਆਂ ਕੀਮਤਾਂ ਬਹੁਤ ਘੱਟ ਸਨ, ਜਿਸ ਕਾਰਨ ਅਦਰਕ ਦੇ ਕਿਸਾਨਾਂ ਨੂੰ ਘਾਟੇ 'ਚ ਆਪਣੀ ਉਪਜ ਵੇਚਣੀ ਪਈ ਸੀ। ਇਸ ਸਾਲ ਮਹਿੰਗੇ ਭਾਅ 'ਤੇ ਅਦਰਕ ਵੇਚ ਕੇ ਕਿਸਾਨ ਆਪਣਾ ਘਾਟਾ ਪੂਰਾ ਕਰਨਾ ਚਾਹੁੰਦੇ ਹਨ, ਜਿਸ ਦਾ ਅਸਰ ਅਦਰਕ ਦੀਆਂ ਕੀਮਤਾਂ 'ਚ ਵਾਧੇ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ।