weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਅਗਲੇ 3 ਦਿਨ ਮੀਂਹ ਤੇ ਝੱਖੜ ਝੁੱਲਣ ਦੀ ਸੰਭਾਵਨਾ
Weather Alert: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਇਸ ਵੇਲੇ ਖੇਤਾਂ ਵਿੱਚ ਬੀਜੇ ਗਏ ਝੋਨੇ, ਮੱਕੀ, ਮੂੰਗੀ, ਨਰਮੇ ਲਈ ਇਹ ਮੀਂਹ ਲਾਹੇਵੰਦ ਹੈ।
ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਜ਼ਿਆਦਾਤਰ ਸਥਾਨਾਂ ਉੱਤੇ ਇਸ ਸਾਲ ਮੌਸਮ ਰਿਕਾਰਡ ਬਣਾ ਰਿਹਾ ਹੈ। ਪਹਿਲੀ ਵਾਰ ਜੂਨ ਮਹੀਨੇ ਦੌਰਾਨ ਭਿਆਨਕ ਗਰਮੀ ਗ਼ਾਇਬ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਆਉਂਦੇ 72 ਘੰਟਿਆਂ ਦੌਰਾਨ ਤੇਜ਼ ਮੀਂਹ ਪੈ ਸਕਦਾ ਹੈ ਤੇ ਝੱਖੜ ਵੀ ਝੁੱਲ ਸਕਦਾ ਹੈ।
ਲੁਧਿਆਣਾ ’ਚ ਸਵੇਰੇ ਕਾਫ਼ੀ ਮੀਂਹ ਪਿਆ। ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮਈ ਮਹੀਨੇ ਵੀ ਗਰਮੀ ਨਾਮਾਤਰ ਹੀ ਰਹੀ। ਇਹੋ ਹਾਲਾਤ ਹੁਣ ਜੂਨ ਮਹੀਨੇ ’ਚ ਵੀ ਬਣੇ ਹੋਏ ਹਨ। ਜੂਨ ’ਚ ਵੀਰਵਾਰ ਨੂੰ ਜੂਨ ਦਾ ਪਿਛਲੇ 10 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਰਿਹਾ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ’ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਪੰਜ ਡਿਗਰੀ ਦੀ ਗਿਰਾਵਟ ਨਾਲ 34 ਡਿਗਰੀ ਸੈਲਸੀਅਸ ਰਿਹਾ ਤੇ ਘੱਟੋ-ਘੱਟ ਤਾਪਮਾਨ 25.2 ਡਿਗਰੀ ਰਿਹਾ। ਸਵੇਰ ਤੋਂ ਹੀ ਬੱਦਲ ਛਾਏ ਰਹਿਣ ਕਾਰਣ ਤਾਪਮਾਨ ਉੱਤੇ ਇਸ ਦਾ ਅਸਰ ਪਿਆ ਤੇ ਗਿਰਾਵਟ ਵੇਖਣ ਨੂੰ ਮਿਲੀ। ਸ਼ਾਮੀਂ ਥੋੜ੍ਹੀ ਧੁੱਪ ਜ਼ਰੂਰ ਨਿੱਕਲੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਸ਼ਹਿਰ ਵਿੱਚ ਮੀਂਹ ਪੈਣ ਦੇ ਆਸਾਰ ਹਨ। ਇਸ ਦੇ ਨਾਲ ਹੀ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ।
ਮੌਸਮ ਵਿਭਾਗ ਦੀ ਮੰਨੀਏ, ਤਾਂ ਅੱਜ ਸ਼ਹਿਰ ਵਿੱਚ ਦੁਪਹਿਰ ਤੋਂ ਬਾਅਦ ਤੇਜ਼ ਵਰਖਾ ਹੋਣ ਦੇ ਆਸਾਰ ਬਣੇ ਹੋਏ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਹੀ ਕਾਲ਼ੇ ਬੱਦਲ ਛਾਏ ਹੋਏ ਹਨ; ਜਿਸ ਕਾਰਣ ਦੁਪਹਿਰ ਤੋਂ ਬਾਅਦ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਅੱਜ ਤਾਪਮਾਨ 35 ਡਿਗਰੀ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ।
51 ਸਾਲਾਂ ਦੌਰਾਨ ਪਹਿਲਾਂ ਪਹਿਲੀ ਵਾਰ 3 ਜੂਨ ਨੂੰ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ। ਲੁਧਿਆਣਾ ’ਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਹੋਰ ਜ਼ਿਲ੍ਹਿਆਂ ’ਚ ਵੀ ਤਾਪਮਾਨ ਆਮ ਨਾਲੋਂ 10 ਤੋਂ 12 ਡਿਗਰੀ ਸੈਲਸੀਅਸ ਘੱਟ ਰਿਹਾ।
ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਤੇ ਸਨਿੱਚਰਵਾਰ ਨੂੰ ਵੀ ਬੱਦਲ ਛਾਏ ਰਹਿਣਗੇ। ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈ ਸਕਦਾ ਹੈ। ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਹੋਇਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਇਸ ਵੇਲੇ ਖੇਤਾਂ ਵਿੱਚ ਬੀਜੇ ਗਏ ਝੋਨੇ, ਮੱਕੀ, ਮੂੰਗੀ, ਨਰਮੇ ਲਈ ਇਹ ਮੀਂਹ ਲਾਹੇਵੰਦ ਹੈ। ਉੱਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਡੀਸ਼ਨਲ ਡਾਇਰੈਕਟਰ ਰਿਸਰਚ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਣ ਨਾਸ਼ਪਾਤੀ, ਕਿਨੂੰ ਤੇ ਅੰਬ ਨੂੰ ਨੁਕਸਾਨ ਪੁੱਜਾ ਹੈ। ਇਸ ਮੀਂਹ ਕਾਰਣ ਤਰਬੂਜ਼ ਤੇ ਖ਼ਰਬੂਜ਼ੇ ਦੀਆਂ ਫ਼ਸਲਾਂ ਨੂੰ ਵੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: COVID-19 Vaccine: ਅਮਰੀਕਾ, ਕੈਨੇਡਾ ਸਣੇ ਕਈ ਅਮੀਰ ਦੇਸ਼ਾਂ 'ਚ 12 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin