Wheat Import: ਘਰੇਲੂ ਮੰਡੀ ਵਿੱਚ ਕਣਕ ਦੀਆਂ ਵਧਦੀਆਂ ਕੀਮਤਾਂ ਨੇ ਹੁਣ ਸਰਕਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਣ-ਪੀਣ ਦੀਆਂ ਵਸਤਾਂ ਦੀ ਵਧਦੀ ਮਹਿੰਗਾਈ ਕਾਰਨ ਆਰਥਿਕਤਾ ਸਾਹਮਣੇ ਪਹਿਲਾਂ ਹੀ ਚੁਣੌਤੀ ਬਣੀ ਹੋਈ ਹੈ। ਅਜਿਹੇ 'ਚ ਕਣਕ ਮਹਿੰਗੀ ਹੋਣ ਕਾਰਨ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਸ ਕਾਰਨ ਸਰਕਾਰ ਅਗਲੇ ਮਹੀਨੇ ਤੋਂ ਕਣਕ ਦੀ ਦਰਾਮਦ 'ਤੇ ਡਿਊਟੀ ਘਟਾਉਣ ਜਾ ਰਹੀ ਹੈ।

ਹਾਲਾਂਕਿ, ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਝਟਕਾ ਲੱਗੇਗਾ। ਵਿਦੇਸ਼ਾਂ ਤੋਂ ਕਣਕ ਆਉਣ ਨਾਲ ਦੇਸ਼ ਅੰਦਰ ਫਸਲ ਦਾ ਭਾਅ ਡਿੱਗੇਗਾ। ਇਸ ਲਈ ਕਣਕ ਦੀ ਦਰਾਮਦ ਨੂੰ ਸੌਖਾ ਕਰਨ ਦੇ ਫੈਸਲੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਕਣਕ ਦੀ ਦਰਾਮਦ ਨੂੰ ਅਣਉਚਿਤ ਕਰਾਰ ਦੇ ਰਹੀਆਂ ਹਨ। ਕਿਸਾਨਾਂ ਦਾ ਤਰਕ ਹੈ ਕਿ ਬਾਹਰਲੇ ਮੁਲਕਾਂ ਤੋਂ ਕਣਕ ਮੰਗਵਾਉਣ ਨਾਲ ਉਨ੍ਹਾਂ ਨੂੰ ਆਪਣੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲਦਾ।

ਸਰਕਾਰ ਇਨ੍ਹਾਂ ਉਪਾਵਾਂ 'ਤੇ ਕਰ ਰਹੀ ਵਿਚਾਰ ਦਰਅਸਲ ਮਿੰਟ ਦੀ ਇੱਕ ਰਿਪੋਰਟ ਅਨੁਸਾਰ ਸਰਕਾਰ ਦੇਸ਼ ਵਿੱਚ ਕਣਕ ਦੀ ਦਰਾਮਦ ਡਿਊਟੀ ਘਟਾ ਕੇ ਮੁੜ ਤੋਂ ਕਣਕ ਦੀ ਦਰਾਮਦ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਕਣਕ ਦੇ ਮਾਮਲੇ 'ਚ ਸਟੋਰੇਜ ਲਿਮਟ ਯਾਨੀ ਸਟਾਕ ਲਿਮਟ ਲਾਉਣ 'ਤੇ ਵੀ ਵਿਚਾਰ ਕਰ ਰਹੀ ਹੈ। ਸਰਕਾਰ ਓਪਨ ਮਾਰਕੀਟ ਆਪਰੇਸ਼ਨ ਸੈੱਲ ਵੀ ਸ਼ੁਰੂ ਕਰ ਸਕਦੀ ਹੈ। ਰਿਪੋਰਟ 'ਚ ਤਿੰਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਕੋਸ਼ਿਸ਼ਾਂ ਘਰੇਲੂ ਬਾਜ਼ਾਰ 'ਚ ਕਣਕ ਦੀ ਸਪਲਾਈ ਵਧਾਉਣ ਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਹਨ।

ਕਣਕ ਦੇ ਵਪਾਰੀ ਦਰਾਮਦ ਦੇ ਹੱਕ 'ਚਕਣਕ ਦੇ ਵਪਾਰੀ ਲੰਬੇ ਸਮੇਂ ਤੋਂ ਦਰਾਮਦ ਡਿਊਟੀ ਘਟਾਉਣ ਦੀ ਮੰਗ ਕਰ ਰਹੇ ਹਨ। ਦਰਅਸਲ ਰੂਸ ਵਿੱਚ ਕਣਕ ਦੀ ਪੈਦਾਵਾਰ ਵਧਣ ਤੇ ਸਟਾਕ ਇਕੱਠਾ ਹੋਣ ਕਾਰਨ ਇਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਣਕ ਦੀਆਂ ਕੀਮਤਾਂ ਨਰਮ ਹਨ। ਅਜਿਹੀ ਸਥਿਤੀ ਵਿੱਚ ਵਪਾਰੀਆਂ ਦੀ ਦਲੀਲ ਹੈ ਕਿ ਭਾਰਤ ਨੂੰ ਘਰੇਲੂ ਬਾਜ਼ਾਰ ਵਿੱਚ ਸਪਲਾਈ ਦੀ ਸਮੱਸਿਆ ਦੇ ਵਿਚਕਾਰ ਘੱਟ ਅੰਤਰਰਾਸ਼ਟਰੀ ਕੀਮਤਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਆਯਾਤ 'ਤੇ ਧਿਆਨ ਦੇਣਾ ਚਾਹੀਦਾ ਹੈ।

ਭਾਰਤ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕਭਾਰਤ ਵਿਸ਼ਵ ਵਿੱਚ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਕਣਕ ਦੀ ਖਪਤ ਵੀ ਬਹੁਤ ਜ਼ਿਆਦਾ ਹੈ। ਭਾਵੇਂ ਭਾਰਤ ਆਪਣੀ ਲੋੜ ਤੋਂ ਵੱਧ ਕਣਕ ਦਾ ਉਤਪਾਦਨ ਕਰਦਾ ਹੈ, ਪਰ ਪਿਛਲੇ ਹਾੜੀ ਦੇ ਸੀਜ਼ਨ ਵਿੱਚ ਝਾੜ ਚੰਗਾ ਨਹੀਂ ਸੀ। ਇਸ ਕਾਰਨ ਕਣਕ ਦੀ ਸਰਕਾਰੀ ਖਰੀਦ ਘੱਟ ਹੋਈ। ਦੂਜੇ ਪਾਸੇ ਮੁਫਤ ਅਨਾਜ ਯੋਜਨਾ ਤਹਿਤ ਲਗਾਤਾਰ ਖਪਤ ਹੋਣ ਕਾਰਨ ਸਰਕਾਰ ਦਾ ਰਾਖਵਾਂ ਭੰਡਾਰ ਘਟ ਗਿਆ ਹੈ। ਅਜਿਹੇ 'ਚ ਸਰਕਾਰ ਨੂੰ ਹੁਣ ਦਰਾਮਦ ਦੇ ਵਿਕਲਪ 'ਤੇ ਵਿਚਾਰ ਕਰਨਾ ਹੋਵੇਗਾ।

ਛੇ ਸਾਲ ਪਹਿਲਾਂ ਇੰਪੋਰਟ ਡਿਊਟੀ ਲਾਈ ਗਈਭਾਰਤ ਨੇ ਛੇ ਸਾਲ ਪਹਿਲਾਂ ਕਣਕ ਦੀ ਦਰਾਮਦ 'ਤੇ 44 ਫੀਸਦੀ ਦੀ ਭਾਰੀ ਦਰਾਮਦ ਡਿਊਟੀ ਲਗਾਈ ਸੀ। ਇਸ ਕਾਰਨ ਬਾਹਰੋਂ ਕਣਕ ਦੀ ਦਰਾਮਦ ਕਰਨੀ ਬਹੁਤ ਮਹਿੰਗੀ ਹੋ ਗਈ ਸੀ ਤੇ ਇਕ ਤਰ੍ਹਾਂ ਨਾਲ ਦਰਾਮਦ ਲਗਪਗ ਬੰਦ ਹੋ ਗਈ ਸੀ। ਸਰਕਾਰ ਨੇ ਇਸ ਫਸਲੀ ਸਾਲ ਵਿੱਚ ਕਣਕ ਦੀ ਪੈਦਾਵਾਰ ਨੂੰ ਪਿਛਲੇ ਸਾਲ ਦੇ ਪੱਧਰ ਦੇ ਕਰੀਬ 112.9 ਮਿਲੀਅਨ ਟਨ ਰੱਖਿਆ ਹੈ। ਪਿਛਲੇ ਸਾਲ ਦੇਸ਼ ਵਿੱਚ ਕਣਕ ਦੀ ਪੈਦਾਵਾਰ ਵਿੱਚ 3.8 ਮਿਲੀਅਨ ਟਨ ਕਮੀ ਆਈ ਸੀ।