ਰੌਬਟ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਕਾਰਨ ਸੂਬੇ ਭਰ 'ਚ ਕਰਫਿਊ ਲੱਗਾ ਹੋਇਆ ਹੈ। ਕਰਫਿਊ ਕਾਰਨ ਵਾਢੀ ਪਹਿਲਾਂ ਹੀ ਬਹੁਤ ਪ੍ਰਭਾਵਿਤ ਹੋਈ ਹੈ। ਪ੍ਰਵਾਸੀ ਮਜ਼ਦੂਰਾਂ ਦਾ ਦੇਸ਼ ਵਿਆਪੀ ਲੌਕਡਾਉਨ ਕਾਰਨ ਵਾਪਸ ਚੱਲੇ ਜਾਣ ਨਾਲ ਇਸ ਵਾਰ ਜ਼ਿਆਦਾ ਕੰਮ ਮਸ਼ੀਨਾਂ 'ਤੇ ਨਿਰਭਰ ਹੈ। ਇਸੇ ਦੌਰਾਨ ਕਿਸਾਨਾਂ ਲਈ ਇੱਕ ਹੋਰ ਮੁਸੀਬਤ ਆਣ ਖੜ੍ਹੀ ਹੋਈ ਹੈ।


ਸ਼ੁੱਕਰਵਾਰ ਸਵੇਰੇ ਜਲੰਧਰ, ਅੰਮ੍ਰਿਤਸਰ, ਤਰਨ ਤਾਰਨ ਤੇ ਕਈ ਹੋਰ ਥਾਵਾਂ ਤੇ ਹਲਕੀ ਬੂੰਦਾਬਾਂਦੀ ਹੋਈ ਹੈ। ਇਸ ਕਾਰਨ ਮੰਡੀਆਂ 'ਚ ਅਨਾਜ ਲੈ ਕਿ ਪਹੁੰਚੇ ਕਿਸਾਨਾਂ ਨੂੰ ਥੋੜ੍ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਖੇਤਾਂ ਵਿੱਚ ਪੱਕੀ ਖੜ੍ਹੀ ਫਸਲ ਨੂੰ ਵੀ ਨੁਕਸਾਨ ਦਾ ਡਰ ਹੈ।

ਇੱਕ ਪਾਸੇ ਕੋਰੋਨਾ ਦੇ ਖਤਰੇ ਕਾਰਨ ਫਸਲ ਦਾ ਮੰਡੀਕਰਨ ਪਹਿਲਾਂ ਹੀ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ। ਉੱਥੇ ਹੀ ਇਸ ਤਰ੍ਹਾਂ ਮੌਸਮ ਦਾ ਵਿਗੜਣਾ ਕਿਸਾਨਾਂ ਲਈ ਨਵੀਂ ਮੁਸੀਬਤ ਬਣਦਾ ਦਿੱਖ ਰਿਹਾ ਹੈ। ਇਸ ਦੌਰਾਨ ਸੂਬੇ ਦੇ ਕਿਸਾਨਾਂ ਲਈ ਕਣਕ ਦੀ ਵਾਢੀ ਨੂੰ ਸੁਰੱਖਿਅਤ ਸਿਰੇ ਚਾੜ੍ਹਨਾ ਵੱਡੀ ਚੁਣੌਤੀ ਬਣ ਗਿਆ ਹੈ।

ਉਧਰ, ਕੋਰੋਨਾ ਦੇ ਖਤਰੇ ਦੇ ਚੱਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਲਈ ਵਾਢੀ ਦੌਰਾਨ ਕੁਝ ਸੁਝਾਅ ਜਾਰੀ ਕੀਤੇ ਹਨ। ਫ਼ਾਰਮ ਮਸ਼ੀਨਰੀ ਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ ਲਈ ਵਰਤੋਂ ਵਿੱਚ ਆਉਣ ਵਾਲੇ ਸੰਦ ਤੇ ਮਸ਼ੀਨਾਂ ਨੂੰ ਵਰਤੋਂ ਤੋਂ ਪਹਿਲਾਂ ਜੀਵਾਣੂ ਰਹਿਤ ਕਰਨ ਲਾਜ਼ਮੀ ਹੈ। ਮਾਹਰਾਂ ਮੁਤਾਬਕ ਇਸ ਵਾਰ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੇਸ਼ 'ਚ ਕਣਕ ਦਾ ਉਤਪਾਦਨ ਇਸ ਸਾਲ ਰਿਕਾਰਡ ਤੋੜ 10.62 ਕਰੋੜ ਟਨ ਤੱਕ ਪਹੁੰਚ ਸਕਦਾ ਹੈ।