ਟਮਾਟਰ ਦੀ ਮਹਿੰਗਾਈ ਕਰਕੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਹਨ, ਇਸ ਲਈ ਲੋਕ ਇਸਦੀ ਵਰਤੋਂ ਘੱਟ ਕਰ ਰਹੇ ਹਨ। ਸਬਜ਼ੀਆਂ ’ਚ ਆਲੂ, ਪਿਆਜ਼ ਤੋਂ ਬਾਅਦ ਟਮਾਟਰ ਦਾ ਤੀਜਾ ਸਥਾਨ ਆਉਂਦਾ ਹੈ। ਜੇਕਰ ਗੱਲ ਕਰੀਏ ਟਮਾਟਰ ਦੀ ਖੇਤੀ ਦੀ ਤਾਂ ਬਹੁਤ ਘੱਟ ਕਿਸਾਨ ਇਸਦੀ ਖੇਤੀ ਕਰਦੇ ਹਨ, ਕਿਉਂਕਿ ਟਮਾਟਰ ਦੀ ਔਸਤਨ ਝਾੜ ਤੇ ਗੁਣਵੱਤਾ ਲੋੜੀਂਦੇ ਮਾਪਦੰਡਾਂ ਤੋਂ ਬਹੁਤ ਥੱਲੇ ਹੈ, ਜਿਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਮਾੜਾ ਬੀਜ/ਪਨੀਰੀ, ਕਿਸਮਾਂ ਦੀ ਗ਼ਲਤ ਚੋਣ, ਬੇਲੋੜੀਆਂ ਖਾਦਾਂ ਅਤੇ ਸਿੰਚਾਈ ਦੀ ਵਰਤੋਂ, ਨਦੀਨਾਂ ਦੀ ਸਮੇਂ ਸਿਰ ਰੋਕਥਾਮ ਨਾ ਕਰਨਾ । ਟਮਾਟਰ ਦੀ ਖੇਤੀ ਨੂੰ ਪੈਣ ਵਾਲੀਆਂ ਬਿਮਾਰੀਆਂ ਦੀ ਕਿਸਮ ਹੈ -


ਅਗੇਤਾ ਝੁਲਸ ਰੋਗ :- ਇਸ ਬਿਮਾਰੀ ਕਰਕੇ ਪੱਤਿਆਂ ’ਤੇ ਕਾਲੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਪੀਲੇ ਹੋ ਕੇ ਡਿੱਗ ਪੈਂਦੇ ਹਨ। ਜ਼ਿਆਦਾ ਹਮਲੇ ਕਰਕੇ ਟਮਾਟਰਾਂ ਉੱਪਰ ਵੀ ਗੂੜ੍ਹੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ । ਬਿਮਾਰੀ ਤੋਂ ਬਚਾਅ ਲਈ ਹਮੇਸ਼ਾ ਬੀਜ ਰੋਗ ਰਹਿਤ ਫ਼ਲਾਂ ਤੋਂ ਲਵੋ। ਪਨੀਰੀ ਨੂੰ ਖੇਤਾਂ ’ਚ ਲਾਉਣ ਪਿੱਛੋਂ 10 ਤੋਂ 15 ਦਿਨਾਂ ਦੀ ਵਿੱਥ ’ਤੇ 600 ਗ੍ਰਾਮ ਇੰਡੋਫਿਲ ਐੱਮ 45 ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।



                                                                     


ਪਿਛੇਤਾ ਝੁਲਸ ਰੋਗ :- ਫ਼ਸਲ ਦੇ ਪੱਤਿਆਂ ਅਤੇ ਤਣੇ ਉੱਪਰ ਪਾਣੀ ਭਿੱਜੇ ਗੂੜ੍ਹੇ ਧੱਬੇ ਪੈ ਜਾਂਦੇ ਹਨ। ਜੇ ਫਰਵਰੀ-ਮਾਰਚ ’ਚ ਵਰਖਾ ਹੋ ਜਾਵੇ ਤਾਂ ਫ਼ਲ ’ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਫ਼ਸਲ ਤਬਾਹ ਹੋ ਜਾਂਦੀ ਹੈ। ਬਿਮਾਰੀ ਤੋਂ ਬਚਾਅ ਲਈ ਟਾਕਰਾ ਕਰਨ ਵਾਲਾ ਹਾਈਬਰਿਡ ਪੀ.ਟੀ.ਐੱਚ-2 ਦੀ ਕਿਸਮ ਲਾਓ ਅਤੇ ਅਗੇਤੇ ਝੁਲਸ ਰੋਗ ਵਾਲੀਆਂ ਦਵਾਈਆਂ ਹੀ ਫਰਵਰੀ-ਮਾਰਚ ’ਚ ਮੀਂਹ ਪੈਣ ਤੋਂ ਤੁਰੰਤ ਪਿੱਛੋਂ ਛਿੜਕੋ।  



                                                                   



                                                                 


ਠੂਠੀ ਰੋਗ :- ਇਸ ਰੋਗ ਕਰਕੇ ਪੱਤੇ ਉੱਪਰ ਨੂੰ ਮੁੜ ਜਾਂਦੇ ਹਨ ਅਤੇ ਗੂੜ੍ਹੇ ਹਰੇ ਰੰਗ ਦੇ ਹੋ ਜਾਂਦੇ ਹਨ। ਪੱਤਿਆਂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ। ਪੌਦੇ ਝਾੜੀ ਜਿਹੇ ਬਣ ਜਾਂਦੇ ਹਨ, ਫ਼ਲ ਅਤੇ ਫੁੱਲ ਬਹੁਤ ਘੱਟ ਲੱਗਦੇ ਹਨ। ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਫੈਲਦੀ ਹੈ। ਬਿਮਾਰੀ ਦੀ ਰੋਕਥਾਮ ਲਈ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਪੰਜਾਬ ਵਰਖਾ ਬਹਾਰ-4, ਪੰਜਾਬ ਵਰਖਾ ਬਹਾਰ-2 ਅਤੇ ਪੰਜਾਬ ਵਰਖਾ ਬਹਾਰ-1 ਦੀ ਚੋਣ ਕਰੋ।



                                                                 


ਚਿੱਟੀ ਮੱਖੀ :- ਚਿੱਟੀ ਮੱਖੀ ਦੇ ਹਮਲੇ ਕਰਕੇ ਪੱਤਿਆਂ ’ਤੇ ਚਿੱਟੇ ਰੰਗ ਦੇ ਚਟਾਖ ਪੈ ਜਾਂਦੇ ਹਨ ਅਤੇ ਬਾਅਦ ’ਚ ਪੱਤੇ ਪੀਲੇ ਪੈ ਜਾਂਦੇ ਹਨ। ਜ਼ਿਆਦਾ ਹਮਲੇ ਕਰਕੇ ਪੱਤੇ ਥੱਲੇ ਨੂੰ ਮੁੜ ਕੇ ਸੁੱਕ ਜਾਂਦੇ ਹਨ। ਮੱਖੀ ਦੇ ਹਮਲੇ ਤੋਂ ਬਚਾਅ ਲਈ ਫ਼ਸਲ ਦੇ ਆਲੇ-ਦੁਅਲੇ ਨਦੀਨਾਂ ਦਾ ਖ਼ਾਤਮਾ ਕਰਦੇ ਰਹੋ ।




                                                               


ਬਿਮਾਰੀਆਂ ਦੀ ਰੋਕਥਾਮ ਲਈ ਉਪਾਅ -


ਦੱਸ ਦਈਏ ਟਮਾਟਰਾਂ ਦੀ 25 ਦਿਨ ਦੀ ਪਨੀਰੀ ਅਤੇ ਮੈਰੀਗੋਲਡ ਦੀ 40 ਦਿਨ ਦੀ ਪਨੀਰੀ 1:16 ਦੇ ਹਿਸਾਬ ਨਾਲ ਇੱਕੋ ਸਮੇਂ ਲਾਓ। ਸੁੰਡੀ ਦੇ ਹਮਲੇ ਵਾਲੇ ਫ਼ਲ ਅਤੇ ਵੱਡੀਆਂ ਸੁੰਡੀਆਂ ਨੂੰ ਇਕੱਠੇ ਕਰ ਕੇ ਨਸ਼ਟ ਕਰਦੇ ਰਹੋ। ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਟਮਾਟਰ ਦੀ ਫ਼ਸਲ ਲਾਉਣ ਤੋਂ ਪਹਿਲਾਂ ਨਸ਼ਟ ਕਰ ਦਿਓ।  ਲੋੜ ਪੈਣ ’ਤੇ ਫ਼ਸਲ ’ਤੇ ਛਿੜਕਾਅ ਦਵਾਈਆਂ ਅਦਲ-ਬਦਲ ਕੇ ਕਰਨੇ ਚਾਹੀਦੇ ਹਨ।