Sweet Potato Farming: ਭਾਰਤ ਦੀ ਲਗਭਗ 55 ਤੋਂ 60 ਫ਼ੀਸਦੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਇੱਥੋਂ ਦੇ ਜ਼ਿਆਦਾਤਰ ਕਿਸਾਨ ਸਿਰਫ਼ ਰਵਾਇਤੀ ਫ਼ਸਲਾਂ ਦੀ ਹੀ ਖੇਤੀ ਕਰਦੇ ਹਨ। ਪਰ ਹੁਣ ਹੌਲੀ-ਹੌਲੀ ਕਿਸਾਨ ਨਵੀਆਂ ਕਿਸਮਾਂ ਦੀਆਂ ਲਾਹੇਵੰਦ ਫ਼ਸਲਾਂ ਵੱਲ ਵੱਧ ਰਹੇ ਹਨ। ਸ਼ਕਰਕੰਦੀ ਵੀ ਇਸੇ ਤਰ੍ਹਾਂ ਦੀ ਫ਼ਸਲ ਹੈ। ਇਸ ਦੀ ਖੇਤੀ ਓਡੀਸ਼ਾ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ 'ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।
ਸ਼ਕਰਕੰਦੀ ਦੀ ਖੇਤੀ ਲਈ ਅਜਿਹੀ ਮਿੱਟੀ ਢੁਕਵੀਂ
ਸ਼ਕਰਕੰਦੀ ਦੀ ਖੇਤੀ ਲਈ ਰੇਤਲੀ ਦੋਮਟ ਮਿੱਟੀ ਸਭ ਤੋਂ ਢੁਕਵੀਂ ਹੈ। ਸਖ਼ਤ, ਪਥਰੀਲੀ ਅਤੇ ਸੇਮ ਵਾਲੀਆਂ ਜ਼ਮੀਨਾਂ 'ਤੇ ਇਸ ਦੀ ਖੇਤੀ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਧਿਆਨ ਰਹੇ ਕਿ ਜਿਸ ਜ਼ਮੀਨ 'ਤੇ ਸ਼ਕਰਕੰਦੀ ਦੀ ਖੇਤੀ ਕੀਤੀ ਜਾ ਰਹੀ ਹੈ, ਉਸ ਜ਼ਮੀਨ ਦਾ pH ਮੁੱਲ 5.8 ਤੋਂ 6.8 ਦੇ ਵਿਚਕਾਰ ਹੋਣਾ ਚਾਹੀਦਾ ਹੈ।
ਤਿੰਨਾਂ ਮੌਸਮਾਂ 'ਚ ਕੀਤੀ ਜਾ ਸਕਦੀ ਹੈ ਇਸ ਦੀ ਖੇਤੀ
ਇਸ ਦੀ ਖੇਤੀ ਤਿੰਨਾਂ ਮੌਸਮਾਂ 'ਚ ਕੀਤੀ ਜਾ ਸਕਦੀ ਹੈ, ਪਰ ਬਰਸਾਤ ਦੇ ਮੌਸਮ 'ਚ ਇਸ ਦੀ ਖੇਤੀ ਕਰਨਾ ਸਭ ਤੋਂ ਵੱਧ ਲਾਭਕਾਰੀ ਹੈ। ਇਸ ਮੌਸਮ 'ਚ ਸ਼ਕਰਕੰਦੀ ਦੇ ਪੌਦੇ ਚੰਗੀ ਤਰ੍ਹਾਂ ਵਧਦੇ ਹਨ। ਪੌਦਿਆਂ ਦੇ ਵਾਧੇ ਲਈ 25 ਤੋਂ 34 ਡਿਗਰੀ ਤਾਪਮਾਨ ਸਭ ਤੋਂ ਵਧੀਆ ਹੈ।
ਕਿਵੇਂ ਕਰਨੀ ਹੈ ਇਸ ਦੀ ਖੇਤੀ?
ਸ਼ਕਰਕੰਦੀ ਦੇ ਪੌਦਿਆਂ ਦੀ ਬਿਜਾਈ ਨਰਸਰੀ 'ਚ ਤਿਆਰ ਕੀਤੀ ਗਈ ਕਟਿੰਗ ਵਜੋਂ ਕੀਤੀ ਜਾਂਦੀ ਹੈ। ਇਸ ਦੇ ਲਈ ਪੌਦੇ ਇੱਕ ਮਹੀਨਾ ਪਹਿਲਾਂ ਤਿਆਰ ਕੀਤੇ ਜਾਂਦੇ ਹਨ। ਇਸ ਦੇ ਲਈ ਨਰਸਰੀ 'ਚ ਬੀਜ ਲਗਾ ਕੇ ਉਸ ਦੀ ਵੇਲ ਤਿਆਰ ਕੀਤੀ ਜਾਂਦੀ ਹੈ। ਫਿਰ ਇਸ ਨੂੰ ਖੇਤਾਂ 'ਚ ਲਗਾਇਆ ਜਾਂਦਾ ਹੈ।
ਮਿਲਦਾ ਹੈ ਇੰਨਾ ਲਾਭ
ਦੱਸ ਦੇਈਏ ਕਿ ਬਿਜਾਈ ਕਰਨ ਦੇ 120 ਤੋਂ 130 ਦਿਨਾਂ ਦੇ ਅੰਦਰ ਇਸ ਦੇ ਪੌਦੇ ਤਿਆਰ ਹੋ ਜਾਂਦੇ ਹਨ। ਜਦੋਂ ਇਸ ਪੌਦੇ ਦੇ ਪੱਤੇ ਪੀਲੇ ਹੋਣ ਲੱਗਦੇ ਹਨ ਤਾਂ ਉਸ ਸਮੇਂ ਦੌਰਾਨ ਇਸ ਦੇ ਕੰਦਾਂ ਦੀ ਖੁਦਾਈ ਕੀਤੀ ਜਾਂਦੀ ਹੈ। ਅੰਦਾਜ਼ੇ ਅਨੁਸਾਰ ਜੇਕਰ ਤੁਸੀਂ ਇੱਕ ਹੈਕਟੇਅਰ 'ਚ ਸ਼ਕਰਕੰਦੀ ਦੀ ਖੇਤੀ ਕਰਦੇ ਹੋ ਤਾਂ ਤੁਸੀਂ 25 ਟਨ ਤੱਕ ਝਾੜ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਨੂੰ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਾਜ਼ਾਰ 'ਚ ਵੇਚਦੇ ਹੋ ਤਾਂ ਵੀ ਤੁਹਾਨੂੰ ਸਵਾ ਲੱਖ ਰੁਪਏ ਦਾ ਮੁਨਾਫ਼ਾ ਮਿਲ ਜਾਵੇਗਾ।