ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਦੇ ਪਿੰਡ ਪ੍ਰਿਥੀਪੁਰ ’ਚ ਰਹਿੰਦੇ 76 ਸਾਲਾ ਬੀਬੀ ਸਵਰਨ ਕੌਰ ਅੱਜਕੱਲ੍ਹ ਉਸ ਮੰਦਰ ਦੀ ਦੇਖਭਾਲ ਕਰ ਰਹੇ ਹਨ, ਜੋ ਉਨ੍ਹਾਂ ਦੇ ਸਕੇ ਭਰਾ ਤੇ ਭਾਰਤ ਦੇ ਸਵਰਗੀ ਦਲਿਤ ਲੀਡਰ ਕਾਂਸ਼ੀ ਰਾਮ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ ਹੈ। ਉਹ ਬਾਬੂ ਕਾਂਸ਼ੀ ਰਾਮ ਹੀ ਸਨ, ਜਿਨ੍ਹਾਂ ਨੇ ਉਸ ‘ਬਹੁਜਨ ਸਮਾਜ ਪਾਰਟੀ’ (ਬਸਪਾ BSP) ਦੀ ਸਥਾਪਨਾ ਕੀਤੀ ਸੀ, ਜਿਸ ਨੇ ਹੁਣ ਪ੍ਰਧਾਨ ਕੁਮਾਰੀ ਮਾਇਆਵਤੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਬਾਦਲਾਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕੀਤਾ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਇਹ ਗੱਠਜੋੜ 25 ਸਾਲਾਂ ਬਾਅਦ ਹੋਇਆ ਹੈ। ਕਾਂਸ਼ੀ ਰਾਮ ਹੁਰਾਂ ਦੀ ਭੈਣ ਸਵਰਨ ਕੌਰ ਨੇ ਇਸ ਗੱਠਜੋੜ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਆਖਿਆ ਮਾਇਆਵਤੀ ਤੇ ਸੁਖਬੀਰ ਬਾਦਲ ਦੋਵੇਂ ਹੀ ਕਰੋੜਪਤੀ ਹਨ; ਉਨ੍ਹਾਂ ਨੂੰ ਕੀ ਪਤਾ ਕਿ ‘ਗ਼ਰੀਬ’ ਹੋਣਾ ਕੀ ਹੁੰਦਾ ਹੈ ਤੇ ਗ਼ਰੀਬਾਂ ਨੂੰ ਕਿਹੜੀਆਂ ਦੁਸ਼ਵਾਰੀਆਂ ਵਿੱਚੋਂ ਦੀ ਲੰਘਣਾ ਪੈਂਦਾ ਹੈ। ਉਹ ਹੁਣ ਕਰੋੜਪਤੀ ਵੀ ਨਹੀਂ, ਸਗੋਂ ਅਰਬਪਤੀ ਹਨ। ਉਨ੍ਹਾਂ ਨੂੰ ਕੀ ਪਤਾ ਕਿ ਮੇਰੇ ਭਰਾ ਨੇ ਸਾਰਾ ਜੀਵਨ ਕਿਵੇਂ ਗ਼ਰੀਬਾਂ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਬੀਬੀ ਸਵਰਨ ਕੌਰ ਨੇ ਆਖਿਆ ਕਿ ਉਹ ਬਹੁਜਨ ਸਮਾਜ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਸਮੇਤ ਕਿਸੇ ਵੀ ਹੋਰ ਪਾਰਟੀ ਦੀ ਟਿਕਟ ਉੱਤੇ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਬਹੁਜਨ ਸਮਾਜ ਪਾਰਟੀ ਦੇ ਵਿਰੁੱਧ ਤਾਂ ਕਦੇ ਲੜ ਹੀ ਨਹੀਂ ਸਕਦੇ। ‘ਇਹ ਪਾਰਟੀ ਮਾਇਆਵਤੀ ਦੀ ਕੋਈ ਨਿੱਜੀ ਜਗੀਰ ਨਹੀਂ। ਮੇਰੇ ਭਰਾ ਨੇ ਬਸਪਾ ਨੂੰ ਗ਼ਰੀਬਾਂ ਲਈ ਬਣਾਇਆ ਸੀ ਤੇ ਮਾਇਆਵਤੀ ਨੇ ਇਸ ਵੇਲੇ ਇਸ ਪਾਰਟੀ ਨੂੰ ਹਾਈਜੈਕ ਕੀਤਾ ਹੋਇਆ ਹੈ। ਮੇਰੇ ਵੀਰ ਜੀ ਨੇ ਬਹੁਜਨ ਸਮਾਜ ਪਾਰਟੀ ਨੂੰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਸੀ ਤੇ ਕੁਰਬਾਨੀਆਂ ਦਿੱਤੀਆਂ ਸਨ।’
‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਬੀਬੀ ਸਵਰਨ ਕੌਰ ਨੇ ਅੱਗੇ ਆਖਿਆ, ਜਦੋਂ ਵੀ ਕਦੇ ਮੇਰੀ ਮਾਂ ਨੇ ਵੀਰ ਜੀ ਨੂੰ ਵਿਆਹ ਕਰਵਾਉਣ ਲਈ ਆਖਣਾ, ਤਾਂ ਉਨ੍ਹਾਂ ਹਰ ਵਾਰ ਇਹੋ ਜਵਾਬ ਦੇਣਾ ਕਿ ਉਹ ਸਮਾਜ ਦੀ ਸੇਵਾ ਲਈ ਸਿਰਫ਼ ਆਪਣਾ ਪੁੱਤਰ ਦੇ ਦੇਣ। ਉਨ੍ਹਾਂ ਦੱਸਿਆ ਕਿ ਸਾਰੀਆਂ ਹੀ ਪਾਰਟੀਆਂ ਦੇ ਲੋਕ ਹੁਣ ਵੀਰ ਕਾਂਸ਼ੀ ਰਾਮ ਦੇ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ ਤੇ ਜੋ ਕੁਝ ਵੀ ਉਨ੍ਹਾਂ ਦਲਿਤਾਂ ਲਈ ਕੀਤਾ ਸੀ, ਉਸ ਲਈ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਨ। ‘ਮੈਂ ਸਿਰਫ਼ ਉਨ੍ਹਾਂ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਹਾਂ।’
ਗ਼ੌਰਤਲਬ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਦਲਿਤ ਗਰੁੱਪ ‘ਭੀਮ ਆਰਮੀ’ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਕੁਮਾਰੀ ਮਾਇਆਵਤੀ ਨੂੰ ਅਪੀਲ ਕੀਤੀ ਸੀ ਕਿ ਉਹ ਬੀਬੀ ਸਵਰਨ ਕੌਰ ਨੂੰ ਬਸਪਾ ਵੱਲੋਂ ਉਮੀਦਵਾਰ ਬਣਾਉਣ ਜਾਂ ਫਿਰ ਉਹ ਰੋਪੜ ਤੋਂ ਆਜ਼ਾਦ ਲੜਨਗੇ। ਤਦ ਉਸੇ ਵਰ੍ਹੇ ਭੀਮ ਆਰਮੀ ਨੇ ਜਦੋਂ ਕਾਂਸ਼ੀ ਰਾਮ ਹੁਰਾਂ ਦੇ ਜਨਮ ਦਿਨ ਮੌਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਇੱਕ ਰੈਲੀ ਕੀਤੀ ਸੀ, ਤਦ ਬੀਬੀ ਸਵਰਨ ਕੌਰ ਉੱਥੇ ਗਏ ਸਨ ਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲੜਨ ਦਾ ਐਲਾਨ ਕੀਤਾ ਸੀ।
ਬਾਅਦ ਵਿੱਚ ਸਵਰਨ ਕੌਰ ਨੇ ਸਪੱਸ਼ਟੀਕਰਣ ਦਿੰਦਿਆਂ ਆਖਿਆ ਸੀ ਕਿ ਉਹ ਰੈਲੀ ਵਿੱਚ ਸਿਰਫ਼ ਇਸ ਲਈ ਗਏ ਸਨ ਕਿਉਂਕਿ ਭੀਮ ਆਰਮੀ ਉਨ੍ਹਾਂ ਦੇ ਸਵਰਗੀ ਭਰਾ ਦੀ ਇੱਜ਼ਤ ਕਰਦੀ ਹੈ।
ਉਸ ਤੋਂ ਪਹਿਲਾਂ ਸਾਲ 2016 ’ਚ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਰੋਪੜ ਲਾਗਲੇ ਪਿੰਡ ਪਿਰਥੀਪੁਰ ਗਏ ਸਨ। ਉਸ ਦਿਨ ਕਾਂਸ਼ੀ ਰਾਮ ਦਾ ਜਨਮ ਦਿਨ ਸੀ। ਉੱਥੇ ਕੇਜਰੀਵਾਲ ਨੇ ਤਦ ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਸੀ। ਬੀਬੀ ਸਵਰਨ ਕੌਰ ਨੇ ਕੇਜਰੀਵਾਲ ਨੂੰ ‘ਖ਼ਾਸ ਮਹਿਮਾਨ’ ਆਖ ਕੇ ਉਨ੍ਹਾਂ ਦਾ ਸੁਆਗਤ ਕੀਤਾ ਸੀ।
ਬੀਬੀ ਸਵਰਨ ਕੌਰ ਨੇ ਆਖਿਆ, ਮੇਰਾ ਭਰਾ ਲੋੜ ਪੈਣ ’ਤੇ ਫ਼ਰਸ਼ ਉੱਤੇ ਵੀ ਸੌਂ ਜਾਂਦਾ ਸੀ ਤੇ ਉਹ ਸਦਾ ਗ਼ਰੀਬਾਂ ਨਾਲ ਖੜ੍ਹਦੇ ਸਨ ਪਰ ਸੁਖਬੀਰ ਸਿੰਘ ਬਾਦਲ ਤੇ ਮਾਇਆਵਤੀ ਵਰਗੇ ਲੋਕ ਤਾਂ ਕਦੇ ਗ਼ਰੀਬਾਂ ਨੂੰ ਆਪਣੇ ਨੇੜੇ ਵੀ ਖੜ੍ਹਨ ਨਹੀਂ ਦਿੰਦੇ। ‘ਮਾਇਆਵਤੀ ‘ਦਲਿਤ ਦੀ ਧੀ’ ਦਾ ਟੈਗ ਸਿਰਫ਼ ਆਪਣੀ ਸਹੂਲਤ ਲਈ ਲਾਉਂਦੀ ਹੈ। ਉਹ ਆਪ ਤਾਂ ਕਰੋੜਪਤੀ ਬਣ ਗਈ ਹੈ ਪਰ ਦਲਿਤ ਭਾਈਚਾਰੇ ਦੇ ਗ਼ਰੀਬ ਹਾਲੇ ਵੀ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹਨ। ਉਸ ਨੇ ਉਨ੍ਹਾਂ ਗ਼ਰੀਬਾਂ ਲਈ ਕੀ ਕੀਤਾ ਹੈ?’
ਬੀਬੀ ਸਵਰਨ ਕੌਰ ਨੇ ਅੱਗੇ ਆਖਿਆ ਕੀ ਮਾਇਆਵਤੀ ਕਦੇ ਪਿੰਡਾਂ ਦੇ ਕਿਸੇ ਗ਼ਰੀਬ ਦੇ ਘਰ ਗਈ ਹੈ ਤੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ ਹਨ। ਹੁਣ ਜਿਹੜਾ ਇਹ ਗੱਠਜੋੜ ਹੋਇਆ ਹੈ, ਉਹ ਸਿਰਫ਼ ਅਮੀਰਾਂ ਦਾ ਹੈ ਤੇ ਦੋਵੇਂ ਪਾਰਟੀਆਂ ਹੁਣ ਡੁੱਬਦੀਆਂ ਜਾ ਰਹੀਆਂ ਹਨ; ਉਨ੍ਹਾਂ ਨੂੰ ਬਚਾਉਣ ਲਈ ਸਿਰਫ਼ ਇਹ ਗੱਠਜੋੜ ਕੀਤਾ ਗਿਆ ਹੈ। ਇਸ ਗੱਠਜੋੜ ਦਾ ਕਿਸੇ ਦਲਿਤ ਨੂੰ ਕੋਈ ਲਾਭ ਨਹੀਂ ਹੋਣਾ।
ਬੀਬੀ ਸਵਰਨ ਕੌਰ ਨੇ ਇਹ ਦੋਸ਼ ਵੀ ਲਾਇਆ ਕਿ ‘ਮਾਇਆਵਤੀ ਨੇ ਕਾਂਸ਼ੀ ਰਾਮ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਕਰ ਦਿੱਤਾ ਸੀ। ਉਨ੍ਹਾਂ ਨੂੰ ਆਖ਼ਰੀ ਦਿਨਾਂ ਤੱਕ ਵੀ ਸਾਡੇ ਨਾਲ ਮਿਲਣ ਨਹੀਂ ਸੀ ਦਿੱਤਾ ਗਿਆ। ਉਸ ਨੂੰ ਸਿਰਫ਼ ਤਾਕਤ ਚਾਹੀਦੀ ਸੀ। ਉਸ ਦੀ ਇਸੇ ਭੁੱਖ ਨੇ ਮੇਰੇ ਭਰਾ ਤੇ ਬਸਪਾ ਦੇ ਹੋਰ ਵਫ਼ਾਦਾਰ ਵਰਕਰਜ਼ ਨੂੰ ਵੀ ਲਾਂਭੇ ਕਰ ਦਿੱਤਾ ਸੀ। ਸਾਡਾ ਗੁੱਸਾ ਬਸਪਾ ਵਿਰੁੱਧ ਨਹੀਂ ਹੈ, ਸਗੋਂ ਉਸ ਅਸਮਰੱਥ ਤੇ ਸੰਵੇਦਨਹੀਣ ਆਗੂ ਖ਼ਿਲਾਫ਼ ਹੈ, ਜੋ ਹੁਣ ਪਾਰਟੀ ਨੂੰ ਚਲਾ ਰਹੀ ਹੈ।’