ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦੋ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਦੀ ਅਦਲਾ-ਬਦਲੀ ਨੇ ਹਸਪਤਾਲ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਹਸਪਤਾਲ ਦੇ ਸਟਾਫ ਦੀ ਗਲਤੀ ਕਾਰਨ ਮੁਕੇਰੀਆਂ (ਹੁਸ਼ਿਆਰਪੁਰ) ਦੇ ਪਿੰਡ ਟਾਂਡਾ ਰਾਮ ਸਹਾਏ ਦੇ ਕੋਰੋਨਾ ਪੌਜ਼ੇਟਿਵ ਮ੍ਰਿਤਕ ਦੀ ਲਾਸ਼ ਅੰਮ੍ਰਿਤਸਰ ਦੇ ਡੈਮਗੰਜ ਤੇ ਡੈਮਗੰਜ ਦੀ ਔਰਤ ਦੀ ਲਾਸ਼ ਨੂੰ ਮੁਕੇਰੀਆਂ ਭੇਜ ਦਿੱਤਾ ਗਿਆ।


ਲਾਪ੍ਰਵਾਹੀ ਉਦੋਂ ਪਤਾ ਲੱਗੀ ਜਦੋਂ ਪਿੰਡ ਟਾਂਡਾ ਰਾਮ ਸਹਾਏ ਵਿੱਚ ਬਜ਼ੁਰਗ ਪ੍ਰੀਤਮ ਸਿੰਘ ਦੇ ਰਿਸ਼ਤੇਦਾਰਾਂ ਨੇ ਔਰਤ ਦੀ ਲਾਸ਼ ਵੇਖੀ। ਕੇਸ ਦੀ ਮੁਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਨੂੰ ਪੈਕ ਕਰਨ ਸਮੇਂ ਗਲਤ ਟੈਗ ਲਾਏ ਗਏ ਸੀ। ਮੁੱਢਲੀ ਜਾਂਚ ਤੋਂ ਬਾਅਦ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਾਂਚ ਨੂੰ ਪੂਰਾ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।


ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਜੀਐਨਡੀਐਚ ਵਿਖੇ ਦੋਵਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਨੂੰ ਟੈਗ ਲਗਾ ਕੇ ਮੋਰਚਰੀ ਵਿੱਚ ਰੱਖਿਆ ਗਿਆ ਸੀ। ਸ਼ਨੀਵਾਰ ਨੂੰ ਜਦੋਂ ਦੋਵੇਂ ਜ਼ਿਲ੍ਹਿਆਂ ਦੇ ਸਿਹਤ ਵਿਭਾਗ ਦੀਆਂ ਗੱਡੀਆਂ ਮ੍ਰਿਤਕ ਦੇਹ ਨੂੰ ਲੈਣ ਲਈ ਪਹੁੰਚੀਆਂ, ਟੈਗ ਨੂੰ ਵੇਖਦਿਆਂ ਲਾਸ਼ ਨੂੰ ਵਾਹਨ 'ਚ ਰੱਖ ਦਿੱਤਾ ਗਿਆ।



ਮੁਕੇਰੀਆਂ ਦੇ ਟਾਂਡਾ ਰਾਮ ਸਹਾਏ ਪਿੰਡ ਵਿੱਚ ਪਰਿਵਾਰਕ ਮੈਂਬਰਾਂ ਨੇ ਉਸ ਸਮੇਂ ਹੰਗਾਮਾ ਮਚਾ ਦਿੱਤਾ ਜਦੋਂ ਔਰਤ ਦੀ ਲਾਸ਼ ਪ੍ਰੀਤਮ ਸਿੰਘ ਦੀ ਥਾਂ ਮਿਲੀ। ਪਰਿਵਾਰ ਬਜ਼ੁਰਗ ਦੀ ਮ੍ਰਿਤਕ ਦੇਹ ਮੰਗ ਰਿਹਾ ਹੈ, ਪਰ ਹਸਪਤਾਲ ਦੇ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਡੈਮਗੰਜ, ਅੰਮ੍ਰਿਤਸਰ ਦੀ ਮ੍ਰਿਤਕ ਔਰਤ ਦੇ ਪਰਿਵਾਰ ਨੇ ਟਾਂਡਾ ਰਾਮ ਸਹਾਏ ਦੇ ਪ੍ਰੀਤਮ ਸਿੰਘ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਹੈ। ਹਾਲਾਂਕਿ, ਹਸਪਤਾਲ ਪ੍ਰਸ਼ਾਸਨ ਦੁਆਰਾ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।



ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇਣ ਵਾਲੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਕਿਹਾ ਕਿ ਗਲਤੀ ਤਾਂ ਹੋਈ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ। ਜਦਕਿ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨੇ ਕਿਹਾ ਕਿ ਲਾਪਰਵਾਹੀ ਦੇ ਦੋਸ਼ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰਦੇ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲਾਸ਼ਾਂ 'ਤੇ ਗਲਤ ਟੈਗ ਲਗਾਏ। ਹੁਣ ਕੇਸ ਦੀ ਜਾਂਚ ਤਿੰਨ ਮੈਂਬਰੀ ਅਧਾਰਤ ਕਮੇਟੀ ਕਰੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ