ਜੰਮੂ: ਜੰਮੂ ਦੇ ਕਿਸ਼ਤਵਾੜ 'ਚ ਨਵੰਬਰ 2018 ਵਿਚ ਭਾਜਪਾ ਨੇਤਾ ਅਨਿਲ ਪਰਿਹਾਰ ਅਤੇ ਉਸ ਦੇ ਭਰਾ ਅਜੀਤ ਪਰਿਹਾਰ ਦੇ ਕਤਲ ਦੀ ਜਾਂਚ ਕਰ ਰਹੀ ਐਨਆਈਏ ਨੇ ਜੰਮੂ-ਕਸ਼ਮੀਰ ਦੇ ਕਾਂਗਰਸ ਨੇਤਾ ਅਤੇ ਤਿੰਨ ਵਾਰ ਦੇ ਵਿਧਾਇਕ ਗੁਲਾਮ ਮੁਹੰਮਦ ਸਰੂਰੀ ਤੋਂ ਪੁੱਛਗਿੱਛ ਲਈ ਬੁਲਾਇਆ ਹੈ। ਪੁਲਿਸ ਪਹਿਲਾਂ ਹੀ ਸਰੂਰੀ ਦੇ ਭਰਾ ਮੁਹੰਮਦ ਸ਼ਫੀ 'ਤੇ ਕੇਸ ਦਰਜ ਕਰ ਚੁੱਕੀ ਹੈ।

ਐਨਆਈਏ ਸੂਤਰਾਂ ਮੁਤਾਬਕ, 1 ਨਵੰਬਰ 2018 ਨੂੰ ਕਿਸ਼ਤਵਾੜ 'ਚ ਭਾਜਪਾ ਨੇਤਾ ਅਨਿਲ ਪਰਿਹਾਰ ਅਤੇ ਉਸਦੇ ਭਰਾ ਅਜੀਤ ਪਰਿਹਾਰ ਦੇ ਕਤਲ ਮਾਮਲੇ 'ਚ ਬਜ਼ੁਰਗ ਕਾਂਗਰਸੀ ਨੇਤਾ ਅਤੇ ਇੰਦਰਾਵਾਲ ਵਿਧਾਨ ਸਭਾ ਦੇ ਤਿੰਨ ਵਾਰ ਵਿਧਾਇਕ ਗੁਲਾਮ ਮੁਹੰਮਦ ਸਰੂਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਨੋਟਿਸ ਐਸਐਸਪੀ ਕਿਸ਼ਤਵਾੜ ਰਾਹੀਂ ਕਾਂਗਰਸੀ ਨੇਤਾ ਨੂੰ ਭੇਜਿਆ ਗਿਆ ਹੈ।

ਕਿਸ਼ਤਵਾੜ ਜ਼ਿਲੇ ਵਿਚ ਪਰਿਹਾਰ ਭਰਾਵਾਂ ਦੀ ਹੱਤਿਆ ਤੋਂ ਬਾਅਦ ਆਰਐਸਐਸ ਦੇ ਨੇਤਾ ਚੰਦਰਕਾਂਤ ਸ਼ਰਮਾ ਅਤੇ ਉਸ ਦਾ ਪੀਐਸਓ ਨੂੰ ਵੀ ਮਾਰਿਆ ਗਿਆ ਸੀ। ਇਨ੍ਹਾਂ ਘਟਨਾਵਾਂ ਦੇ ਨਾਲ ਕਿਸ਼ਤਵਾੜ ਜ਼ਿਲੇ 'ਚ ਸੁਰੱਖਿਆ ਬਲਾਂ ਤੋਂ ਹਥਿਆਰ ਖੋਹਣ ਦੀਆਂ ਦੋ ਘਟਨਾਵਾਂ ਵੀ ਵਾਪਰੀਆਂ ਸੀ। ਇਸ ਤੋਂ ਬਾਅਦ ਜੰਮੂ ਪੁਲਿਸ ਨੇ ਰਾਮਬੰਨ ਜ਼ਿਲ੍ਹੇ ਦੇ ਬਟੋਟ 'ਚ ਹੋਏ ਇੱਕ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰਿਆ ਸੀ।