ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਦੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਇੱਕ ਮਹੀਨੇ ਤੋਂ ਜਾਰੀ ਹਨ। ਸੂਬੇ ਦੇ ਵੱਖੋ-ਵੱਖਰੇ ਹਿੱਸਿਆਂ ’ਚ ਰੋਸ ਮੁਜ਼ਾਹਰੇ ਕਰ ਰਹੇ ਪੰਜਾਬ ਦੇ ਕਿਸਾਨ ‘ਰੇਲ ਰੋਕੋ’ ਅੰਦੋਲਨ ਚਲਾ ਰਹੇ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਡੱਕਣ ਲਈ ਲਿਆਂਦੇ ਬਿੱਲਾਂ ਮਗਰੋਂ ਮਾਲ ਗੱਡੀਆਂ ਲਈ ਰੇਲ ਮਾਰਗ ਖੋਲ੍ਹ ਦਿੱਤੇ ਸੀ ਪਰ ਕੇਂਦਰ ਸਰਕਾਰ ਨੇ ਰੇਲਾਂ ਨਹੀਂ ਚਲਾਈਆਂ। ਇਸ ਕਾਰਨ ਉੱਥੇ ਕਈ ਵਸਤਾਂ ਦੀ ਘਾਟ ਪੈਦਾ ਹੋ ਗਈ ਹੈ।
ਮਾਲ ਗੱਡੀਆਂ ਦੇ ਰੱਦ ਹੋਣ ਨਾਲ ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਯੂਰੀਆ ਦੀ ਭਾਰੀ ਕਮੀ ਹੋ ਗਈ ਹੈ। ਰਾਜ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਰੱਬੀ ਦੀ ਫ਼ਸਲ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨਾਂ ਨੂੰ ਰੱਬੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਯੂਰੀਆ ਤੇ ਡਾਇਮੋਨੀਅਮ ਫ਼ਾਸਫ਼ੇਟ ਭਾਵ ਏਪਾ ਦੀ ਜ਼ਰੂਰਤ ਹੁੰਦੀ ਹੈ।
ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਰਾਜ ਵਿੱਚ ਯੂਰੀਆ ਦੀ ਕਮੀ ਹੈ। ਅਧਿਕਾਰੀਆਂ ਮੁਤਾਬਕ ਪੰਜਾਬ ਵਿੱਚ ਰੱਬੀ ਦੇ ਸੀਜ਼ਨ ਲਈ 14.50 ਲੱਖ ਟਨ ਯੂਰੀਆ ਦੀ ਲੋੜ ਹੈ ਪਰ ਸੂਬੇ ਵਿੱਚ ਕੇਵਲ 75,000 ਟਨ ਯੂਰੀਆ ਹੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਚਾਰ ਲੱਖ ਟਨ ਯੂਰੀਆ ਦੀ ਖੇਪ ਅਕਤੂਬਰ ਮਹੀਨੇ ਆਉਣੀ ਸੀ ਪਰ ਸਿਰਫ਼ ਇੱਕ ਲੱਖ ਟਨ ਹੀ ਪੁੱਜੀ ਹੈ। ਨਵੰਬਰ ਲਈ ਰਾਜ ਵਿੱਚ ਚਾਰ ਲੱਖ ਟਨ ਯੂਰੀਆ ਦੀ ਵੰਡ ਕੀਤੀ ਗਈ ਹੈ।
ਕਣਕ ਦੀ ਬਿਜਾਈ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੱਬੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਲਗਪਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦੀ ਆਸ ਹੈ। ਪੰਜਾਬ ਨੂੰ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਤੋਂ ਰੇਲ ਗੱਡੀਆਂ ਰਾਹੀਂ ਯੂਰੀਆ ਦੀ ਸਪਲਾਈ ਹੁੰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਦੀ ਢੋਆ-ਢੁਆਈ ਦੀਆਂ ਸੇਵਾਵਾਂ ਬਹਾਲ ਕਰਨ ਲਈ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਦਖ਼ਲ ਦੇਣ ਲਈ ਆਖਿਆ ਸੀ, ਜਿਸ ਉੱਤੇ ਗੋਇਲ ਨੇ ਪੰਜਾਬ ਸਰਕਾਰ ਤੋਂ ਰੇਲ-ਗੱਡੀਆਂ ਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਆ ਬਾਰੇ ਭਰੋਸਾ ਮੰਗਿਆ ਸੀ।
ਉਧਰ, ਪੰਜਾਬ ਵਿੱਚ ਬਿਜਲੀ ਦੀ ਹਾਲਤ ਵੀ ਖ਼ਰਾਬ ਹੋ ਗਈ ਹੈ। ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਣ ਕੋਲੇ ਦੀ ਸਪਲਾਈ ਠੀਕ ਤਰੀਕੇ ਨਹੀਂ ਹੋ ਰਹੀ ਹੈ; ਇਸੇ ਲਈ ਉਤਪਾਦਨ ਰੁਕੇ ਹੋਏ ਹਨ। ਕੋਲਾ ਆਧਾਰਤ ਬਿਜਲੀ ਪਲਾਂਟਾਂ ਵਿੱਚ ਹੁਣ ਕੋਲਾ ਨਾਮਾਤਰ ਬਚਿਆ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਸਹਾਇਕ ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਨੇ ਹਾਲ ਹੀ ਵਿੱਚ ਆਖਿਆ ਸੀ ਕਿ ਪੰਜ ਤਾਪ ਬਿਜਲੀ ਘਰਾਂ ਵਿੱਚੋਂ ਕੇਵਲ ਇੱਕੋ ਚੱਲ ਰਿਹਾ ਹੈ। ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਜਲੀ ਦੀ ਮੌਜੂਦਾ ਹਾਲਤ ਨੂੰ ਤਰਸਯੋਗ ਦੱਸਿਆ ਸੀ। ਰਾਜਪੁਰਾ ’ਚ ਨਾਭਾ ਥਰਮਲ ਪਲਾਂਟ ਤੇ ਮਾਨਸਾ ’ਚ ਤਲਵੰਡੀ ਸਾਬੋ ਪਾਵਰ ਲਿਮਿਟੇਡ ਵਿੱਚ ਕੋਲਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ।