ਬਟਾਲਾ: ਬਟਾਲਾ ਪੁਲਿਸ ਨੇ ਪਹਿਲਾਂ ਤੋਂ ਹੀ ਗ੍ਰਿਫਤਾਰ ਕੀਤੇ ਹੋਏ ਨਸ਼ਾ ਤਸਕਰਾਂ ਤੋਂ ਅੱਗੇ ਕੜੀ ਜੋੜਦਿਆਂ ਉਨ੍ਹਾਂ ਪਾਸੋਂ  16.50 ਲੱਖ ਰੁਪਏ ਦੀ ਹੋਰ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਪਿਛਲੇ ਦਿਨੀਂ ਐੱਸਪੀ (ਡੀ) ਤੇਜਬੀਰ ਸਿੰਘ ਹੁੰਦਲ ਅਤੇ ਸੀਆਈਏ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਪੱਡਾ ਦੀ ਅਗਵਾਈ 'ਚ ਪੁਲਿਸ ਨੇ 26 ਮਈ, 2021 ਨੂੰ ਮੁੱਕਦਮਾ ਨੰ.103 'ਚ ਜੋਗਿੰਦਰ ਸਿੰਘ ਸਰਪੰਚ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾਂ ਸਮੇਤ ਸੰਦੀਪ ਕੁਮਾਰ ਵਾਸੀ ਬਟਾਲਾ, ਸਰਵਣ ਸਿੰਘ ਵਾਸੀ ਪੁਰੀਆਂ ਕਲਾਂ ਅਤੇ ਜਗਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮੁਹੱਲਾ ਗੋਦਾਈਪੁਰ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਸੀ।

 

ਐਸਐਸਪੀ ਬਟਾਲਾ ਨੇ ਦੱਸਿਆ ਕਿ ਫੜੇ ਗਏ ਮੁੱਖ ਦੋਸ਼ੀ ਜੋਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾਂ ਸਾਬਕਾ ਸਰਪੰਚ  ਤੋਂ 35 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਜੋਗਿੰਦਰ ਸਿੰਘ ਤੋਂ ਅਗਾਂਹ ਹੋਰ ਕੜੀ ਜੋੜਦਿਆਂ ਜੋਗਿੰਦਰ ਸਿੰਘ ਉਰਫ ਜੱਗਾ ਦੇ ਫ਼ਰਦ ਇੰਤਕਾਲ ਮੁਤਾਬਕ ਮਿਤੀ 19 ਜੁਲਾਈ 2021 ਨੂੰ ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪੁਰੀਆਂ ਕਲਾਂ ਪਾਸੋਂ 16 ਲੱਖ 50 ਹਜ਼ਾਰ  ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਗਿਆ ਕਿ ਇਹ ਰਕਮ ਸਮੱਗਲਰ ਜੋਗਿੰਦਰ ਸਿੰਘ ਨੇ ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਪਾਸੋਂ ਜ਼ਮੀਨ ਖ਼ਰੀਦਣ ਲਈ ਡਰੱਗ ਮਨੀ ਦੇ ਪੈਸੇ ਬਿਨਾਂ ਕਿਸੇ ਲਿਖਤ ਤੋਂ ਦਿੱਤੇ ਸਨ।

 

ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਨੇ ਹੁਣ ਤੱਕ ਬਦਨਾਮ ਸਮੱਗਲਰ ਜੋਗਿੰਦਰ ਸਿੰਘ ਉਰਫ ਜੱਗਾ ਪਾਸੋਂ ਕੁੱਲ 51ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਅਗਾਂਹ ਵੀ ਤਫਤੀਸ਼ ਜਾਰੀ ਹੈ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੋਗਿੰਦਰ ਸਿੰਘ ਸਰਪੰਚ ਆਪਣੀ ਪਤਨੀ ਸਮੇਤ ਨਸ਼ਾ ਤਸਕਰੀ ਦਾ ਕੰਮ ਪਿਛਲੇ ਸਮੇਂ 'ਚ ਕਰਦਾ ਆ ਰਿਹਾ ਸੀ ਅਤੇ ਪੁਲਿਸ ਨੇ ਪਿਛਲੇ ਸਮੇਂ 'ਚ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਪਹਿਲਾਂ ਹੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮ ਇਕ ਦਰਜਨ ਤੋਂ ਵਧੇਰੇ ਪਰਚੇ ਪਹਿਲਾਂ ਹੀ ਦਰਜ ਹਨ ਅਤੇ ਮੁਲਜ਼ਮ ਇਸ ਵੇਲੇ ਜੇਲ 'ਚ ਬੰਦ ਹੈ।