ਵਿਕਰਮ ਕੁਮਾਰ
ਬਠਿੰਡਾ: ਕਿਸਾਨ ਅੰਦੋਲਨ 'ਚ ਵਾਇਰਲ ਹੋਈ ਬੇਬੇ ਦੀ ਤਸਵੀਰ ਤੁਸੀਂ ਸਭ ਸਭ ਨੇ ਵੇਖੀ ਹੋਵੇਗੀ। ਇਸ ਤਸਵੀਰ ਨੇ ਕਿਸਾਨ ਅੰਦੋਲਨ ਪ੍ਰਤੀ ਸਭ ਨੂੰ ਪ੍ਰੇਰਨਾ ਦਿੱਤੀ ਪਰ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਇਸ ਤਸਵੀਰ 'ਤੇ ਵਿਅੰਗ ਕੱਸਿਆ ਤੇ 100 ਰੁਪਏ ਦੀ ਦਿਹਾੜੀ ਲੈ ਕੇ ਧਰਨੇ 'ਚ ਸ਼ਾਮਲ ਹੋਣ ਵਾਲੀ ਦਾਦੀ ਕਹਿ ਕੇ ਮਜ਼ਾਕ ਉਡਾਇਆ। ਮਹਿੰਦਰ ਕੌਰ ਦੇ ਪੁੱਤਰਾਂ ਨੇ ਕਿਹਾ ਹੈ ਕਿ ਬੇਬੇ ਕੋਲ 12 ਏਕੜ ਜ਼ਮੀਨ ਹੈ। ਕਈ ਮਜ਼ਦੂਰ ਇਨ੍ਹਾਂ ਦੇ ਖੇਤਾਂ 'ਚ ਕੰਮ ਕਰਦੇ ਹਨ। ਇਸ ਮਾਤਾ ਨੂੰ ਦਿਹਾੜੀ 'ਤੇ ਜਾਣ ਦੀ ਕੋਈ ਜ਼ਰੂਰਤ ਨਹੀਂ। ਬੀਬੀ ਕਿਸਾਨ ਅੰਦੋਲਨ 'ਚ ਆਪਣੇ ਹੱਕ ਲੈਣ ਲਈ ਗਏ ਸੀ।
'ਏਬੀਪੀ ਸਾਂਝਾ' ਦੀ ਟੀਮ ਬੇਬੇ ਨੂੰ ਮਿਲਣ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਪਹੁੰਚੀ। ਬੇਬੇ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਉਮਰ 80 ਸਾਲ ਹੈ ਤੇ ਉਹ ਹੁਣ ਖੇਤੀ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕੰਗਣਾ ਨੂੰ ਕੀ ਪਤਾ ਖੇਤੀ ਕੀ ਹੁੰਦੀ ਹੈ। ਕੰਗਣਾ ਤਾਂ ਕਮਲੀ ਹੈ। ਉਸ ਨੇ ਜੋ ਵੀ ਬੋਲਿਆ ਹੈ, ਉਸ 'ਤੇ ਲਾਹਣਤ ਹੈ। ਉਸ ਨੂੰ ਕੀ ਪਤਾ ਕਿਸਾਨ ਦੀ ਕਮਾਈ ਕੀ ਹੁੰਦੀ ਹੈ। ਜਦੋਂ ਗਰਮੀ ਹੁੰਦੀ ਹੈ ਤਾਂ ਪਸੀਨਾ ਆਉਂਦਾ ਹੈ, ਖੂਨ ਗਰਮ ਹੁੰਦਾ ਹੈ ਤੇ ਫਿਰ ਜਾ ਕੇ ਕਿਤੇ ਪੈਸਾ ਬਣਦਾ ਹੈ। ਕਿਸਾਨੀ ਰਾਹੀਂ ਪੈਸਾ ਕਮਾਉਣਾ ਬਹੁਤ ਔਖਾ ਹੈ।
ਉਨ੍ਹਾਂ ਕਿਹਾ ਧੁੱਪਾਂ ਤੇ ਛਾਵਾਂ ਸਹਿ ਕੇ ਦਸਾਂ ਨੁੰਹਾਂ ਦੀ ਕਮਾਈ ਨਾਲ ਪੈਸਾ ਬਣਦਾ ਹੈ। ਕੰਗਣਾ ਜੋ ਮੇਰੇ ਤੇ ਤੋਹਮਤਾ ਲਾ ਰਹੀ ਹੈ, ਉਹ ਗਲਤ ਹੈ। ਬੀਬੀ ਨੇ ਕਿਹਾ ਸਾਡੇ ਤਾਂ ਕੰਮ ਨਹੀਂ ਮੁੱਕਦੇ, ਅਸੀਂ 100 ਰੁਪਏ ਪਿੱਛੇ ਥੋੜ੍ਹੀ ਜਾਵਾਂਗੇ। ਬੇਬੇ ਮਹਿੰਦਰ ਕੌਰ ਨੇ ਕੰਗਣਾ ਨੂੰ ਬਾਣੀ ਦਾ ਪਾਠ ਪੜਾਉਂਦਿਆਂ ਕਿਹਾ ਕਿ ਕੰਗਣਾ ਸਰਬਤ ਦਾ ਭਲਾ ਮੰਗੇ, ਕਦੇ ਕਿਸੇ ਨੂੰ ਮੰਦਾ ਨਾ ਬੋਲੇ। ਨਾਲ ਹੀ ਬੇਬੇ ਨੇ ਕਿਹਾ ਹੈ ਕਿ ਪੀਐਮ ਮੋਦੀ ਕਿਸਾਨਾਂ ਲਈ ਬਣਾਏ ਕਾਨੂੰਨ ਵਾਪਸ ਲਵੇ। ਇੰਨੀ ਠੰਢ 'ਚ ਕਿਸਾਨ ਆਪਣੇ ਹੱਕ ਲ਼ਈ ਸੜਕਾਂ 'ਤੇ ਲੜਾਈ ਲੜ ਰਿਹਾ ਹੈ।
ਉਨ੍ਹਾਂ ਕਿਹਾ ਕਿਸਾਨਾਂ ਬਿਨ੍ਹਾਂ ਫੈਕਟਰੀਆਂ ਤੇ ਸਰਕਾਰਾਂ ਫੇਲ੍ਹ ਹੋ ਜਾਣਗੀਆਂ। ਅੱਜ ਦੀ ਮਹਿੰਗਾਈ 'ਚ ਕਿਸਾਨ ਦੇ ਪਲੇ ਕੁਝ ਨਹੀਂ ਪੈ ਰਿਹਾ। ਸਾਡੇ ਹਿੱਸੇ ਤਾਂ ਬੈਂਕਾਂ ਦੇ ਕਰਜ਼ੇ ਰਹਿ ਗਏ ਹਨ। ਜੇ ਸਾਨੂੰ ਕੁਝ ਬਚਦਾ ਹੋਵੇ ਤਾਂ ਅਸੀਂ ਨਾ ਪੈਟਰੋਲ ਪੰਪ ਲੈ ਲਈਏ। ਬੇਬੇ ਨੇ ਦੱਸਿਆ ਕਿ ਖੇਤੀ ਕਰਦੇ ਹੋਏ ਸਪਰੇਅ ਚੜਨ ਨਾਲ ਕਿਸਾਨਾਂ ਦੀ ਮੌਤ ਹੋ ਜਾਂਦੀ ਹੈ ਇਹ ਸਭ ਮੋਦੀ ਨੂੰ ਨਹੀਂ ਪਤਾ।
ਕਿਸਾਨਾਂ ਦਾ ਵੀ ਮਨ ਠੰਢੇ ਏਸੀ ਹੇਠਾਂ ਬੈਠਣ ਨੂੰ ਕਰਦਾ ਹੈ। ਕਿਸਾਨ ਹੀ ਹੈ ਜੋ ਮੌਤ ਨੂੰ ਮਾਸੀ ਕਹਿੰਦਾ ਹੈ। ਗਰਮੀ 'ਚ ਔਖੇ ਕਿਸਾਨ ਹੁੰਦੇ ਹਨ। ਪਤਾ ਨਹੀਂ ਕਿੰਨੀਆ ਹੀ ਬਿਮਾਰੀਆਂ ਕਿਸਾਨਾਂ ਨੂੰ ਲੱਗਦੀਆਂ ਹਨ। ਬੇਬੇ ਨੇ ਕਿਹਾ ਮੈਂ ਅੰਦੋਲਨ 'ਚ ਜਾਵਾਂਗੀ। ਦੇਸ਼ ਦੀ ਸੇਵਾ 'ਚ ਭਗਤ ਸਿੰਘ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਜੇ ਇਸ ਉਮਰੇ ਮੇਰੀ ਜਾਨ ਵੀ ਚਲੀ ਜਾਵੇ ਤਾਂ ਕੁਰਬਾਨ ਕਰ ਦੇਵਾਂਗੀ। ਜੇ ਕਿਸਾਨਾਂ ਦੀ ਸੇਵਾ ਦੀ ਖਾਤਰ ਮੇਰਾ ਸ਼ਰੀਰ ਵੀ ਲਗ ਜਾਉ ਤਾਂ ਧੰਨਵਾਦ ਹੈ।