ਸੁਖਵਿੰਦਰ ਸਿੰਘ
ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਕੁਝ ਲੋਕ ਵੈਲਨਟਾਈਨ ਡੇਅ ਦਾ ਵਿਰੋਧ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਜੋੜ ਕੇ ਕਰ ਰਹੇ ਹਨ। ਫੇਸਬੁੱਕ, ਗੂਗਲ ਟਵਿੱਟਰ ਤੇ ਵਟਸਅੱਪ ‘ਤੇ ਇੱਕ ਸੁਨੇਹਾ ਵਾਇਰਲ ਹੋ ਰਿਹਾ ਹੈ ਕਿ 14 ਫਰਵਰੀ ਨੂੰ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਗਈ ਸੀ। ਇੰਨਾ ਹੀ ਨਹੀਂ ਕੁਝ ਵੈੱਬਸਾਈਟਾਂ ਵੀ ਇਸ ਪ੍ਰਚਾਰ ਵਿੱਚ ਪਿੱਛੇ ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਬਿਨਾਂ ਕਿਸੇ ਇਤਿਹਾਸਕ ਤੱਥ ਤੋਂ ਜਾਣੂ ਇਸ ਸੁਨੇਹੇ ਨੂੰ ਅੱਗੇ ਭੇਜ ਰਹੇ ਹਨ ਪਰ ਕੀ ਇੰਨਾ ਸ਼ਹੀਦਾਂ ਦਾ ਸੱਚਿਓਂ ਹੀ ਵੈਲਨਟਾਈਨ-ਡੇਅ ਨਾਲ ਕੋਈ ਰਿਸ਼ਤਾ ਹੈ?
‘ਏਬੀਪੀ ਸਾਂਝਾ’ ਨੇ ਇਸ ਦਾ ਸੱਚ ਜਾਣਨ ਲਈ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਦੇ ਮਾਮਲੇ ਵਿੱਚ ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ, 1930 ਨੂੰ ਫਾਂਸੀ ਦੀ ਸਜ਼ਾ ਸੁਣਵਾਈ ਸੀ। ਉਨ੍ਹਾਂ ਨੂੰ ਸਜ਼ਾ ਸੁਣਵਾਉਣ ਤੋਂ ਬਾਅਦ 24 ਮਾਰਚ, 1931 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇੱਕ ਵਿਸ਼ੇਸ਼ ਹੁਕਮ ਦੇ ਅਧੀਨ ਉਨ੍ਹਾਂ ਨੂੰ 23 ਮਾਰਚ 1931 ਦੀ ਸ਼ਾਮ 7:30 ਵਜੇ ਫਾਂਸੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਜ਼ਿੰਦਗੀ ਵਿੱਚ 14 ਫਰਵਰੀ ਦਾ ਮਹੱਤਵ ਸਿਰਫ਼ ਇੰਨਾ ਹੀ ਕਿ ਪ੍ਰਿਵਿੰਸੀ ਕੌਂਸਲ ਵੱਲੋਂ ਅਪੀਲ ਖ਼ਾਰਜ ਕੀਤੇ ਜਾਣ ਬਾਅਦ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਦਨ ਮੋਹਨ ਮਾਲਵੀਏ ਨੇ 14 ਫਰਵਰੀ, 1931 ਨੂੰ ਲਾਰਡ ਇਰਵਿਨ ਦੇ ਸਾਹਮਣੇ ਰਹਿਮ ਦੀ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਖ਼ਾਰਜ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਅਸਲ ਵਿੱਚ ਨਫ਼ਰਤ ਦੀ ਰਾਜਨੀਤੀ ਕਰਨ ਵਾਲਾ ਹਿੰਦੂਤਵ ਦਾ ਖ਼ਾਸ ਤਬਕਾ ਇਸ ਸੁਨੇਹੇ ਦਾ ਪ੍ਰਚਾਰ ਕਰ ਰਿਹਾ ਹੈ। ਇਸ ਲਈ ਇਹ ਤਬਕਾ ਇਤਿਹਾਸਕ ਤੱਥਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪਿਆਰ ਦੇ ਵਿਰੋਧੀ ਇਹ ਤਾਕਤਾਂ ਨੂੰ ਸ਼ਹੀਦਾਂ ਦਾ ਸਹਾਰਾ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਕਰਨ ਚਾਹੀਦਾ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਪ੍ਰੋ. ਜਗਮੋਹਨ ਦਾ ਕਹਿਣਾ ਹੈ ਕਿ ਭਗਤ ਸਿੰਘ ਪਿਆਰ ਦਾ ਵਿਰੋਧੀ ਨਹੀਂ ਬਲਕਿ ਉਹ ਤਾਂ ਪਿਆਰ, ਮਨੁੱਖਤਾ ਤੇ ਕੁਦਰਤ ਪ੍ਰੇਮੀ ਸੀ। ਜੇਕਰ ਕੋਈ ਉਸ ਦੇ ਪਿਆਰ ਬਾਰੇ ਵਿਚਾਰ ਜਾਣਨਾ ਚਾਹੁੰਦਾ ਹੈ ਤਾਂ ਭਗਤ ਸਿੰਘ ਦਾ ਰਾਜਗੁਰੂ ਨੂੰ ਲਿਖਿਆ ਖ਼ਤ ਜ਼ਰੂਰ ਪੜ੍ਹੇ। ਜਾਣਕਾਰੀ ਲਈ ਦੱਸ ਦੇਈਏ ਕਿ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਇੱਕ ਉੱਘੇ ਚਿੰਤਕ ਹਨ। ਉਹ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਹਨ। ਉਹ ਭਗਤ ਸਿੰਘ ਦੇ ਇਤਿਹਾਸ ਨਾਲ ਜੁੜੇ ਤੱਥਾਂ ਬਾਰੇ ਖੋਜਾਂ ਦੇ ਨਾਲ ਲਿਖਦੇ ਵੀ ਰਹਿੰਦੇ ਹਨ।